ਅਕਾਲੀ ਦਲ ਦੀ ਮੰਗ ਸੀ ਕਿ ਸੈਸ਼ਨ ਦਾ ਸਮਾਂ ਹੋਰ ਵਧਾਇਆ ਜਾਵੇ ਕਿਉਂਕਿ ਪੰਜਾਬ ਦੇ ਵੱਖ ਵੱਖ ਮਾਮਲਿਆਂ 'ਤੇ ਗੰਭੀਰ ਚਰਚਾ ਦੀ ਜ਼ਰੂਰਤ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਸੀ ਕਿ ਪੰਜਾਬ ਵਿੱਚ ਬੇਰੁਜ਼ਗਾਰੀ, ਨਸ਼ਿਆਂ, ਕਿਸਾਨ ਖੁਦਕੁਸ਼ੀਆਂ ਅਤੇ ਅਧਿਆਪਕਾਂ ਨੂੰ ਪੂਰੀਆਂ ਤਨਖ਼ਾਹਾਂ ਨਾ ਦੇਣ ਦੇ ਕਈ ਵੱਡੇ ਮਾਮਲੇ ਹਨ ਜਿਨ੍ਹਾਂ ਬਾਰੇ ਗੰਭੀਰ ਚਰਚਾ ਦੀ ਜ਼ਰੂਰਤ ਹੈ ਪਰ ਸੱਤਾਧਾਰੀ ਇਹ ਚਰਚਾ ਨਹੀਂ ਕਰਨੀ ਚਾਹੁੰਦੇ।
ਬੈਂਸ ਭਰਾਵਾਂ ਦਾ ਵਾਕ ਆਊਟ
ਵਿਰੋਧ ਕਰਨ ਵਾਲਾ ਸਿਰਫ਼ ਅਕਾਲੀ ਦਲ ਹੀ ਨਹੀਂ ਸੀ। ਇਹੀ ਮੰਗ ਬੈਂਸ ਭਰਾਵਾਂ ਦੀ ਵੀ ਸੀ ਜਿਸ ਦੇ ਚੱਲਦੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਨੇ ਸੈਸ਼ਨ ਵਿੱਚੋਂ ਵਾਕ ਆਊਟ ਕਰ ਦਿੱਤਾ। ਬੈਂਸ ਭਰਾਵਾਂ ਨੇ ਰਾਜਪਾਲ ਵੱਲੋਂ ਅੰਗਰੇਜ਼ੀ 'ਚ ਭਾਸ਼ਣ ਦਿੱਤੇ ਜਾਣ ਦਾ ਵੀ ਵਿਰੋਧ ਕੀਤਾ।
ਸੈਸ਼ਨ 'ਚ ਚੁੱਕਾਂਗੇ ਜਨਤਾ ਦੇ ਮਸਲੇ: 'ਆਪ'
ਬੇਸ਼ੱਕ ਪਹਿਲੇ ਦਿਨ ਪੰਜਾਬ ਵਿਧਾਨ ਸਭਾ ਚ ਸਿਰਫ਼ ਹੰਗਾਮਾ ਹੀ ਹੋਇਆ ਪਰ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਕੁਲਵੰਤ ਸਿੰਘ ਪੰਡੋਰੀ ਦਾ ਕਹਿਣਾ ਹੈ ਕਿ ਉਹ ਅਗਲੇ ਦਿਨਾਂ 'ਚ ਪੰਜਾਬ ਦੇ ਲੋਕਾਂ ਦੇ ਮਸਲੇ ਸੈਸ਼ਨ 'ਚ ਜ਼ਰੂਰ ਚੁੱਕਣਗੇ।
ਭਾਸ਼ਣ ਦੌਰਾਨ ਵਿਰੋਧ, ਰਾਜਪਾਲ ਦਾ ਅਪਮਾਨ: ਕੈਪਟਨ
ਦੂਜੇ ਪਾਸੇ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧੀ ਧਿਰ ਦੇ ਹੰਗਾਮੇ ਨੂੰ ਗ਼ਲਤ ਕਰਾਰ ਦਿੰਦੇ ਹੋਏ ਇਸ ਨੂੰ ਰਾਜਪਾਲ ਦਾ ਅਪਮਾਨ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਧਿਆਪਕਾਂ ਦੇ ਮਾਮਲੇ 'ਤੇ ਚਰਚਾ ਕੀਤੀ ਜਾਵੇਗੀ।