ਚੰਡੀਗੜ੍ਹ: ਮੋਰਿੰਡਾ ਬੱਸ ਸਟੈਂਡ ਕੋਲ 20 ਕਰੋੜ ਦੀ ਲਾਗਤ ਨਾਲ ਬਣੇਗਾ ਅੰਡਰ ਪਾਸ, ਜਿਸ ਦਾ ਕੰਮ 20 ਜਨਵਰੀ ਤੋਂ ਸ਼ੁਰੂ ਹੋ ਜਾਵੇਗਾ। ਅੱਜ ਇਥੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕੈਬਿਨੇਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੋਰਿੰਡਾ ਵਿਖੇ ਸ੍ਰੀ ਚਮਕੌਰ ਸਾਹਿਬ ਹਲਕੇ ਨਾਲ ਸਬੰਧਨ ਲੋਕ ਨਿਰਮਾਣ ਵਿਭਾਗ ਅਧੀਨ ਚੱਲ ਰਹੇ ਕੰਮਾਂ ਬਾਰੇ ਜਾਇਜ਼ਾ ਲਿਆ ਅਤੇ ਮੀਟਿੰਗ ਉਪਰੰਤ ਇਹ ਜਾਣਕਾਰੀ ਸਾਂਝੀ ਕੀਤੀ।
ਚੰਨੀ ਨੇ ਦੱਸਿਆ ਕਿ ਮੋਰਿੰਡਾ ਸ਼ਹਿਰ ਵਿੱਚ ਪੁਰਾਣੀ ਲੁਧਿਆਣਾ- ਚੰਡੀਗੜ੍ਹ ਸੜਕ ਨੂੰ ਕਰੋਸ ਕਰਦੀ ਸਰਹਿੰਦ-ਨੰਗਲ ਡੈਮ ਰੇਲਵੇ ਲਾਈਨ ਵਿਖੇ ਬਣਨ ਵਾਲੇ ਅੰਡਰ ਪਾਸ ਦੀ ਉਸਾਰੀ ਦੇ ਕੰਮ 20 ਜਨਵਰੀ ਤੋਂ ਸ਼ੁਰੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਾਰੀ ਪ੍ਰਕ੍ਰਿਆ ਪੂਰੀ ਕਰ ਲਈ ਗਈ ਹੈ। ਇਸ ਅੰਡਰ ਪਾਸ ਦੀ ਲੰਬਾਈ 1580 ਫੁੱਟ ਅਤੇ ਚੌੜਾਈ 46 ਫੁੱਟ ਹੋਵੇਗੀ। ਇਸ ਅੰਡਰ ਪਾਸ ਦੇ ਨਾਲ ਦੋਨੋਂ ਪਾਸੇ ਸਰਵਿਸ ਰੋਡ ਦੀ ਉਸਾਰੀ ਵੀ ਕੀਤੀ ਜਾਵੇਗੀ। ਇਸ ਆਰ. ਯੂ. ਬੀ. ਨੂੰ ਸੈਡ ਨਾਲ ਕਵਰ ਕੀਤਾ ਜਾਵੇਗਾ ਅਤੇ ਇਸ ਦੇ ਅੰਦਰ ਲਾਇਟਾਂ ਵੀ ਲਗਾਈਆਂ ਜਾਣਗੀਆਂ।
ਕੈਬਿਨੇਟ ਮੰਤਰੀ ਚੰਨੀ ਨੇ ਨਾਲ ਹੀ ਦੱਸਿਆ ਕਿ ਓਲਡ ਮੋਰਿੰਡਾ-ਰੋਪੜ ਸੜਕ (ਮੋਰਿਡਾ ਤੋਂ ਕਾਈਨੌਰ ਤੱਕ) ਦੀ ਮਜ਼ਬੂਤੀ ਲਈ ਵੀ ਤਿੰਨ ਕਰੋੜ ਰੁਪਏ ਮਨਜ਼ੂਰ ਹੋ ਚੁੱਕੇ ਹਨ। ਇਸ ਸੜਕ ਨੂੰ ਮਜ਼ਬੂਤ ਕਰਨ ਲਈ ਕਾਰਵਾਈ ਆਰੰਭੀ ਜਾ ਚੁੱਕੀ ਹੈ ਅਤੇ ਜਲਦੀ ਹੀ ਇਸ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਇਸ ਸੜਕ ਉੱਤੇ ਭਾਰੀ ਅਤੇ ਓਵਰਲੋਡ ਟ੍ਰੈਫਿਕ ਦੀ ਆਵਾਜਾਈ ਬਹੁਤ ਜ਼ਿਆਦਾ ਵੱਧ ਗਈ ਹੈ ਕਿਉਂਕਿ ਰੋਪੜ ਤੋਂ ਕੁਰਾਲੀ ਅਤੇ ਰੋਪੜ ਤੋਂ ਸ੍ਰੀ ਚਮਕੌਰ ਸਾਹਿਬ ਸੜਕ ਤੋਂ ਟੋਲ ਲੱਗਿਆ ਹੋਣ ਕਰਕੇ ਖ਼ਾਸ ਤੌਰ 'ਤੇ ਵੱਡੇ ਟਰਾਲਿਆਂ ਅਤੇ ਟਿਪਰਾਂ ਵੱਲੋਂ ਇਸ ਸੜਕ ਦੀ ਵਰਤੋਂ ਜ਼ਿਆਦਾ ਕੀਤੀ ਜਾਂਦੀ ਹੈ। ਜਿਸ ਕਾਰਨ ਇਹ ਸੜਕ ਵਾਰ-2 ਖ਼ਰਾਬ ਹੋ ਰਹੀ ਹੈ, ਪਰ ਜਲਦ ਹੀ ਇਸ ਨੂੰ ਮਜ਼ਬੂਤ ਕੀਤਾ ਜਾਵੇਗਾ।