ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਤਿੰਨ ਦਿਨਾਂ ਮੌਨਸੂਨ ਸੈਸ਼ਨ ਸ਼ੁਰੂ ਹੋ ਗਿਆ ਹੈ। ਸ਼ੁੱਕਰਵਾਰ ਨੂੰ ਪਹਿਲੇ ਸੈਸ਼ਨ ਦੌਰਾਨ ਚੌਦਾਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸੈਸ਼ਨ ਵਿੱਚ ਕਾਂਗਰਸੀ ਨੇਤਾ ਅਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ, ਰਾਜ ਸਭਾ ਦੇ ਮੈਂਬਰ ਵਰਿੰਦਰ ਕਟਾਰੀਆ, ਬਠਿੰਡਾ ਦੇ ਐਮਪੀ ਕਿੱਕਰ ਸਿੰਘ ਸ਼ੁਤਰਾਣਾ, ਹਲਕੇ ਤੋਂ ਵਿਧਾਇਕ ਹਮੀਰ ਸਿੰਘ ਘੱਗਾ, ਸਾਬਕਾ ਸੀ ਪੀ ਐਸ ਅਤੇ ਵਿਧਾਇਕ ਚੌਧਰੀ ਨੰਦ ਲਾਲ, ਪੰਜਾਬ ਵਿਧਾਨ ਸਭਾ ਦੇ ਸਾਬਕਾ ਮੈਂਬਰ ਸਨੇਹ ਲਤਾ, ਸਾਬਕਾ ਵਿਧਾਇਕ ਕਾਮਰੇਡ ਬਲਵੰਤ ਸਿੰਘ, ਪਰਮਜੀਤ ਸਿੰਘ ਅਤੇ ਕਰਨੈਲ ਸਿੰਘ ਢੋਟ ਨੂੰ ਸ਼ਰਧਾਂਜਲੀ ਦਿੱਤੀ ਗਈ।
ਇਸ ਤੋਂ ਇਲਾਵਾ ਸਮਾਜ ਦਾ ਭਲਾ ਕਰਨ ਵਾਲੇ ਬਾਬਾ ਲਾਭ ਸਿੰਘ ਜੀ ਅਤੇ ਬੋਰਵੈੱਲ ਵਿੱਚ ਡਿੱਗ ਕੇ ਜਾਨ ਗਵਾਉਣ ਵਾਲੇ ਤਿੰਨ ਸਾਲਾ ਬੱਚੇ ਫ਼ਤਹਿਵੀਰ ਸਿੰਘ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ। ਫਤਹਿਵੀਰ ਦਾ ਨਾਂਅ ਪਰਮਿੰਦਰ ਸਿੰਘ ਢੀਂਡਸਾ, ਅਮਨ ਅਰੋੜਾ ਤੇ ਸਿਮਰਜੀਤ ਸਿੰਘ ਬੈਂਸ ਦੇ ਕਹਿਣ 'ਤੇ ਸ਼ਾਮਲ ਕੀਤਾ ਗਿਆ।
ਇਸ ਤੋਂ ਬਾਅਦ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਅਕਾਲੀ ਦਲ ਵੱਲੋਂ ਪਰਮਿੰਦਰ ਸਿੰਘ ਢੀਂਡਸਾ ਅਤੇ ਆਮ ਆਦਮੀ ਪਾਰਟੀ ਵੱਲੋਂ ਹਰਪਾਲ ਸਿੰਘ ਚੀਮਾ ਵੀ ਮੌਜੂਦ ਹੋਏ। ਜਿਨ੍ਹਾਂ ਨੇ ਸਪੀਕਰ ਤੋਂ ਸੈਸ਼ਨ ਵਧਾਉਣ ਦੀ ਮੰਗ ਕੀਤੀ ਪਰ ਉਨ੍ਹਾਂ ਦੀ ਇਹ ਮੰਗ ਨਹੀਂ ਮੰਨੀ ਗਈ। ਪਹਿਲੇ ਸੈਸ਼ਨ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਸੁਖਪਾਲ ਖਹਿਰਾ, ਨਵਜੋਤ ਸਿੰਘ ਸਿੱਧੂ ਸਹਿਤ ਕਈ ਮੰਤਰੀ ਗੈਰਹਾਜ਼ਰ ਰਹੇ।