ਚੰਡੀਗੜ੍ਹ: ਪਿਛਲੇ ਹਫ਼ਤੇ ਤੋਂ ਪਏ ਤੇਜ਼ ਮੀਂਹ ਤੇ ਗੁਆਂਢੀ ਸੂਬੇ ਵਿੱਚ ਹੜ੍ਹ ਦੇ ਕਹਿਰ ਕਾਰਨ ਪੰਜਾਬ ਦੇ ਵੀ ਕਈ ਜ਼ਿਲ੍ਹੇ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ। ਅਜੇ ਵੀ ਕਈ ਥਾਂ ਬੰਨ੍ਹ ਟੁੱਟ ਰਹੇ ਹਨ ਜਿਸ ਕਾਰਨ ਨੇੜਲੇ ਪਿੰਡਾਂ ਵਾਲਿਆਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਤਾਜ਼ਾ ਮੌਸਮ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਵਲੋਂ ਅੱਜ ਵੀ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿੱਚ ਰੁਕ-ਰੁਕ ਕੇ ਮੀਂਹ ਪੈਣ ਦਾ ਅਲਰਟ ਦਿੱਤਾ ਹੈ। ਮੌਸਮ ਵਿਭਾਗ ਮੁਤਾਬਕ, ਪਠਾਨਕੋਟ, ਗੁਰਦਾਸਪੁਰ ਤੇ ਹੁਸ਼ਿਆਰਪੁਰ ਦੇ ਆਸ-ਪਾਸ ਦੇ ਇਲਾਕਿਆਂ ਦਸੂਹਾ ਤੇ ਮੁਕੇਰੀਆਂ ਵਿੱਚ ਮੀਂਹ ਦਾ ਅਲਰਟ ਹੈ।
ਪੌਂਗ ਡੈਮ ਤੇ ਬਿਆਸ ਦਰਿਆ ਦੇ ਹਾਲਾਤ: ਦੂਜੇ ਪਾਸੇ ਪਿਛਲੇ ਦਿਨੀਂ ਪੌਂਗ ਡੈਮ ਤੋਂ ਦੂਜੀ ਵਾਰ ਪਾਣੀ ਛੱਡਣ ਤੋਂ ਬਾਅਦ ਬਿਆਸ ਦੇ ਪਾਣੀ ਦੇ ਪੱਧਰ ਵਿੱਚ ਵਾਧਾ ਹੋਇਆ ਸੀ, ਪਰ ਬਿਆਸ ਹਾਲੇ ਵੀ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ ਅਤੇ ਸਥਿਤੀ ਕਾਬੂ ਹੇਠ ਹੈ। ਘੱਗਰ ਦੇ ਕੰਢੇ ਵਸੇ ਪਿੰਡਾਂ ਵਿੱਚ ਅੱਜ ਵੀ ਹੜ੍ਹਾਂ ਕਾਰਨ ਲੋਕ ਪ੍ਰੇਸ਼ਾਨ ਹਨ। ਜਿਨ੍ਹਾਂ ਖੇਤਾਂ ਵਿੱਚ ਪਾਣੀ ਨਿਕਲ ਗਿਆ ਹੈ, ਉੱਥੇ ਚਿੱਕੜ ਹੋ ਗਿਆ ਹੈ। ਕਿਸਾਨ ਸੂਬਾ ਸਰਕਾਰ ਤੋਂ ਰਾਹਤ ਪੈਕੇਜ ਦੀ ਉਡੀਕ ਕਰ ਰਹੇ ਹਨ, ਤਾਂ ਜੋ ਕਿਸਾਨ ਹੋਰ ਤਿਆਰੀਆਂ ਕਰ ਸਕਣ। ਇਸ ਸਬੰਧੀ ਵਿਰੋਧੀ ਪਾਰਟੀਆਂ ਨੇ ਵੀ ਪੰਜਾਬ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ।
ਸਰਦੂਲਗੜ੍ਹ 'ਚ ਦੂਜੀ ਵਾਰ ਪਿਆ ਪਾੜ: ਮਾਨਸਾ ਜ਼ਿਲ੍ਹੇ ਵਿੱਚ ਘੱਗਰ ਲਗਾਤਾਰ ਤਬਾਹੀ ਮਚਾ ਰਿਹਾ ਹੈ। ਜਿੱਥੇ ਮਾਨਸਾ ਜ਼ਿਲ੍ਹੇ ਦੇ ਹੁਣ ਤੱਕ 10 ਤੋਂ 12 ਪਿੰਡ ਘੱਗਰ ਦੀ ਚਪੇਟ ਵਿੱਚ ਆ ਚੁੱਕੇ ਸਨ, ਉੱਥੇ ਹੀ ਹੁਣ ਸਰਦੂਲਗੜ੍ਹ ਦੇ ਵਿੱਚ ਦੁਬਾਰਾ ਫਿਰ ਤੋਂ ਵੱਡਾ ਪਾੜ ਪਿਆ ਹੈ। ਇਸ ਨੇ ਨੇੜਲੇ ਪਿੰਡ ਸਾਧੂਵਾਲਾ, ਫੂਸ ਮੰਡੀ ਤੇ ਸਰਦੂਲਗੜ੍ਹ ਸ਼ਹਿਰ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ ਹੈ। ਹਾਲਾਤਾਂ ਨੂੰ ਦੇਖਦੇ ਹੋਏ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਵੱਲੋਂ ਆਸ ਪਾਸ ਦੇ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਜਾ ਰਹੀ ਅਤੇ ਜੇਸੀਬੀ ਮਸ਼ੀਨਾਂ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ, ਉਨ੍ਹਾਂ ਨੇ ਮੋਟਰਸਾਈਕਲ ਉੱਤੇ ਆ ਕੇ ਨੌਜਵਾਨਾਂ ਵਲੋਂ ਸੈਲਫੀਆਂ ਨਾ ਲੈਣ ਦੀ ਬੇਨਤੀ ਕੀਤੀ ਹੈ।
ਸਰਹੱਦ ’ਤੇ ਬੀਐਸਐਫ ਦੇ ਜਵਾਨ ਤੈਨਾਤ: ਘੱਗਰ ਅਤੇ ਸਤਲੁਜ ਦਾ ਪਾਣੀ ਹਰੀਕੇ ਹੈੱਡ ਤੋਂ ਪਾਕਿਸਤਾਨ ਨੂੰ ਭੇਜਿਆ ਜਾਂਦਾ ਸੀ, ਪਰ ਪਾਣੀ ਕਾਰਨ ਫਿਰੋਜ਼ਪੁਰ ਦਾ ਸਰਹੱਦੀ ਇਲਾਕਾ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਿਆ ਹੈ। ਇਸ ਸਥਿਤੀ ਵਿੱਚ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਜਵਾਨ ਵੀ ਸਰਹੱਦ ਦੀ ਰਾਖੀ ਵਿੱਚ ਲੱਗੇ ਹੋਏ ਹਨ, ਜਿਸ ਦੀ ਇੱਕ ਤਸਵੀਰ ਬੀਐਸਐਫ ਵੱਲੋਂ ਵੀ ਸਾਂਝੀ ਕੀਤੀ ਗਈ, ਜਿਸ ਵਿੱਚ 3-4 ਫੁੱਟ ਪਾਣੀ ਵਿੱਚ ਵੀ ਜਵਾਨ ਸਰਹੱਦ 'ਤੇ ਬੰਦੂਕ ਲੈ ਕੇ ਖੜ੍ਹੇ ਹਨ।
18 ਜ਼ਿਲ੍ਹਿਆਂ ਦੇ 1422 ਪਿੰਡ ਹੜ੍ਹ ਤੋਂ ਪ੍ਰਭਾਵਿਤ: ਇੱਕ ਸਰਕਾਰੀ ਬੁਲਾਰੇ ਮੁਤਾਬਕ 17 ਜੁਲਾਈ ਨੂੰ ਸਵੇਰੇ 8 ਵਜੇ ਤੱਕ 1422 ਪਿੰਡ ਹੜ੍ਹ ਤੋਂ ਪ੍ਰਭਾਵਿਤ ਹੋਏ ਹਨ। ਸੂਬੇ ਵਿੱਚ ਕੁੱਲ 168 ਰਾਹਤ ਕੈਂਪ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 16 ਕੈਂਪ ਪਟਿਆਲਾ, 16 ਰੂਪਨਗਰ ਅਤੇ 7 ਮੋਗਾ ਵਿੱਚ ਚੱਲ ਰਹੇ ਹਨ। ਇਸੇ ਤਰ੍ਹਾਂ ਲੁਧਿਆਣਾ ਵਿੱਚ 3, ਮੁਹਾਲੀ ਵਿੱਚ 1, ਐਸ.ਬੀ.ਐਸ. ਨਗਰ ਵਿੱਚ 2, ਸੰਗਰੂਰ ਵਿੱਚ 27, ਫਿਰੋਜ਼ਪੁਰ ਵਿੱਚ 18, ਹੁਸ਼ਿਆਰਪੁਰ ਵਿੱਚ 3, ਤਰਨਤਾਰਨ ਵਿੱਚ 7, ਜਲੰਧਰ ਵਿੱਚ 38, ਕਪੂਰਥਲਾ ਵਿੱਚ 8, ਫਾਜ਼ਿਲਕਾ ਵਿੱਚ 2 ਅਤੇ ਮਾਨਸਾ ਵਿਖੇ 20 ਰਾਹਤ ਕੈਂਪ ਲਗਾਏ ਗਏ ਹਨ।
ਹੁਣ ਤੱਕ 35 ਲੋਕਾਂ ਦੀ ਮੌਤ: ਮਾਲ ਵਿਭਾਗ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ, ਸੂਬੇ ਵਿੱਚ ਹੜ੍ਹਾਂ ਕਾਰਨ ਕੁੱਲ 35 ਲੋਕਾਂ ਦੀ ਜਾਨ ਗਈ ਹੈ ਅਤੇ 15 ਜ਼ਖ਼ਮੀ ਹੋਏ ਹਨ ਜਦਕਿ 3 ਅਜੇ ਵੀ ਲਾਪਤਾ ਹਨ। ਪਸ਼ੂ ਪਾਲਣ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸੂਬੇ ਵਿੱਚ ਕੁੱਲ 1728 ਪਸ਼ੂਆਂ ਦਾ ਇਲਾਜ ਕੀਤਾ ਗਿਆ ਅਤੇ 4283 ਪਸ਼ੂਆਂ ਦਾ ਟੀਕਾਕਰਨ ਕੀਤਾ ਗਿਆ ਹੈ। ਵਿਭਾਗ ਦੀਆਂ ਬਚਾਅ ਟੀਮਾਂ ਲੋੜਵੰਦ ਪਸ਼ੂਆਂ ਦੇ ਇਲਾਜ, ਫੀਡ ਸਪਲਾਈ, ਚਾਰਾ ਅਤੇ ਸਿਲੇਜ ਮੁਹੱਈਆ ਕਰਵਾਉਣ ਲਈ ਦਿਨ-ਰਾਤ ਕੰਮ ਕਰ ਰਹੀਆਂ ਹਨ।
ਮਾਨ ਸਰਕਾਰ ਨੂੰ ਘੇਰ ਰਹੀਆਂ ਵਿਰੋਧੀ ਪਾਰਟੀਆਂ: ਵਿਰੋਧੀਆਂ ਪਾਰਟੀਆਂ ਵਲੋਂ ਕਿਹਾ ਜਾ ਰਿਹਾ ਹੈ ਕਿ ਸੂਬੇ ਦੇ 14 ਜ਼ਿਲ੍ਹਿਆਂ ਵਿੱਚ ਹੜ੍ਹਾਂ ਨੇ ਤਬਾਹੀ ਮਚਾ ਦਿੱਤੀ ਹੈ, ਜਿਸ ਨਾਲ ਦੁਕਾਨਦਾਰਾਂ, ਛੋਟੇ ਵਪਾਰੀਆਂ ਅਤੇ ਮਜ਼ਦੂਰ ਵਰਗ ਸਮੇਤ ਖੇਤੀਬਾੜੀ ਸੈਕਟਰ ਅਤੇ ਹੋਰ ਕਾਰੋਬਾਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ, ਪਰ ਉਹ ਕਿਸ ਦੀ ਉਡੀਕ ਕਰ ਰਹੇ ਹਨ? ਉਨ੍ਹਾਂ ਨੂੰ ਇੱਕ ਖੁੱਲ੍ਹੇ ਦਿਲ ਵਾਲੇ ਰਾਹਤ ਪੈਕੇਜ ਦਾ ਐਲਾਨ ਕਰਨਾ ਚਾਹੀਦਾ ਹੈ, ਤਾਂ ਜੋ ਪੰਜਾਬ ਦੇ ਲੋਕਾਂ ਨੂੰ ਮਹਿਸੂਸ ਹੋਵੇ ਕਿ ਉਨ੍ਹਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ।
ਸਕੂਲਾਂ ਦੀ ਮੁਰੰਮਤ ਲਈ ਰਾਸ਼ੀ ਜਾਰੀ: ਪੰਜਾਬ ਸਰਕਾਰ ਨੇ ਹੜ੍ਹਾਂ ਅਤੇ ਮੀਂਹ ਕਾਰਨ ਨੁਕਸਾਨੇ ਗਏ ਸਕੂਲਾਂ ਦੀ ਮੁਰੰਮਤ ਲਈ ਬਜਟ ਜਾਰੀ ਕਰ ਦਿੱਤਾ ਹੈ। ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਸੂਬੇ ਦੇ ਪ੍ਰਾਇਮਰੀ ਸਕੂਲਾਂ ਲਈ 20 ਕਰੋੜ ਰੁਪਏ ਅਤੇ ਸੈਕੰਡਰੀ ਸਕੂਲਾਂ ਲਈ 7.77 ਕਰੋੜ ਰੁਪਏ ਜਾਰੀ ਕੀਤੇ ਗਏ ਹਨ।