ਮੋਹਾਲੀ : ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੱਤਰ ਸਕੂਲ ਸਿੱਖਿਆ ਦੀ ਯੋਗ ਅਗਵਾਈ ਅਧੀਨ ਖੇਤਰੀ ਸਹਿਕਾਰੀ ਪ੍ਰਬੰਧਨ ਵੱਲੋਂ ਸੈਕਟਰ-32, ਚੰਡੀਗੜ੍ਹ ਵਿਖੇ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਦੇ ਜ਼ਿਲ੍ਹਾ ਕੋਆਰਡੀਨੇਟਰਾਂ ਅਤੇ ਸੈਂਟਰ ਹੈੱਡ ਟੀਚਰਜ਼ ਦੀ ਤਿੰਨ ਰੋਜ਼ਾ ਸਿਖਲਾਈ ਵਰਕਸ਼ਾਪ ਲਗਾਈ ਗਈ।
ਇਸ ਸਿਖਲਾਈ ਵਰਕਸ਼ਾਪ ਵਿੱਚ ਵਿਸ਼ੇਸ਼ ਤੌਰ 'ਤੇ ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਪਹੁੰਚੇ ਅਤੇ ਉਨ੍ਹਾਂ ਨੇ ਸਮੂਹ ਭਾਗ ਲੈ ਰਹੇ ਅਧਿਆਪਕਾਂ ਨੂੰ ਉਤਸ਼ਾਹਿਤ ਕੀਤਾ। ਇਸ ਸਿਖਲਾਈ ਦੌਰਾਨ ਐਸ.ਸੀ.ਈ.ਆਰ.ਟੀ. ਡਾਇਰੈਕਟਰ ਇੰਦਰਜੀਤ ਸਿੰਘ ਨੇ ਕਿਹਾ ਕਿ ਇਸ ਸਿਖਲਾਈ ਦਾ ਮੰਤਵ ਅਧਿਆਪਕਾਂ ਨੂੰ ਸਕੂਲੀ ਸਿੱਖਿਆ ਦੇ ਵਿਕਾਸ ਅਤੇ ਸਕੂਲਾਂ ਦੇ ਪ੍ਰਬੰਧਨ ਬਾਰੇ ਸੇਧ ਪ੍ਰਦਾਨ ਕਰਨਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਵਰਕਸ਼ਾਪ ਵਿੱਚ 22 ਜ਼ਿਲ੍ਹਾ ਕੋਆਰਡੀਨੇਟਰਜ਼ ਅਤੇ 44 ਸੈਂਟਰ ਹੈੱਡ ਟੀਚਰਜ਼ ਭਾਗ ਲੈ ਰਹੇ ਹਨ।
ਇਸ ਸਿਖਲਾਈ ਵਰਕਸ਼ਾਪ ਦੇ ਪਹਿਲੇ ਦਿਨ ਦੌਰਾਨ ਅਧਿਆਪਕਾਂ ਨੂੰ ਸਿੱਖਿਆ ਦ੍ਰਿਸ਼ਟੀਕੋਣ, ਸਕੂਲ ਦੇ ਮੁਲਾਂਕਣ, ਗੁਣਾਤਮਕ ਸਿੱਖਿਆ, ਕਲਾਸਰੂਮ ਗਤੀਵਿਧੀਆਂ, ਪ੍ਰਸ਼ਨ ਪੱਤਰ ਤਿਆਰ ਕਰਨ ਸੰਬੰਧੀ ਸਰਵੇ ਅਤੇ ਸਕੂਲ ਪ੍ਰਬੰਧਨ ਦੇ ਬਾਰੇ ਵੱਖ-ਵੱਖ ਕ੍ਰਿਆਵਾਂ ਰਾਹੀਂ ਸਿਖਲਾਈ ਪ੍ਰਦਾਨ ਕੀਤੀ ਗਈ। ਦੂਜੇ ਦਿਨ ਦੀ ਸਿਖਲਾਈ ਦੌਰਾਨ ਟੀਚਿਆਂ ਨੂੰ ਸੈੱਟ ਕਰਨ ਅਤੇ ਇਨ੍ਹਾਂ ਦੀ ਪ੍ਰਾਪਤੀ ਲਈ ਐਕਸ਼ਨ ਪਲਾਨ ਬਣਾਉਣ, ਮੋਨੀਟਰਿੰਗ ਕਰਨ, ਕਲਾਸਰੂਮ ਨਿਗਰਾਨੀ ਸੰਬੰਧੀ ਜ਼ਰੂਰੀ ਨੁਕਤਿਆਂ ਬਾਰੇ ਸਿਖਲਾਈ ਪ੍ਰਦਾਨ ਕੀਤੀ ਗਈ।