ਚੰਡੀਗੜ੍ਹ: ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਇਸ ਸਾਲ ਪ੍ਰੀ ਪ੍ਰਾਇਮਰੀ (1) ਅਤੇ ਪ੍ਰੀ ਪ੍ਰਾਇਮਰੀ (2) ਜਮਾਤਾਂ ਵਿੱਚ ਪਿਛਲੇ ਸਾਲਾਂ ਨਾਲੋਂ ਜ਼ਿਆਦਾ ਦਾਖਲੇ ਹੋਏ ਨੇ। ਸੀਐੱਮ ਮਾਨ ਨੇ ਟਵੀਟ ਰਾਹੀਂ ਜਾਣਕਾਰੀ ਸਾਂਝਾ ਕਰਦਿਆਂ ਕਿਹਾ ਹੈ ਕਿ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ(1) ‘ਚ 16.3% ਦਾ ਵਾਧਾ ਅਤੇ ਪ੍ਰੀ ਪ੍ਰਾਇਮਰੀ(2) ‘ਚ 9.9% ਦਾ ਵਾਧਾ ਦਰਜ ਹੋਇਆ ਹੈ। ਸੀਐੱਮ ਮਾਨ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਦੀ ਕੋਸ਼ਿਸ਼ ਬੱਚਿਆਂ ਨੂੰ ਮਿਸਾਲੀ ਸਿੱਖਿਆ ਦੇਣਾ ਹੈ।
ਸਿੱਖਿਆ ਕ੍ਰਾਂਤੀ ਵੱਲ ਵਧਦਾ ਪੰਜਾਬ… ਬੜੀ ਖੁਸ਼ੀ ਦੀ ਗੱਲ ਹੈ…ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਦਾਖਲੇ ਪਿਛਲੇ ਸਾਲਾਂ ਨਾਲੋਂ ਵੱਧ ਰਹੇ ਨੇ…ਪ੍ਰੀ ਪ੍ਰਾਇਮਰੀ(1) ‘ਚ 16.3% ਦਾ ਵਾਧਾ ਤੇ ਪ੍ਰੀ ਪ੍ਰਾਇਮਰੀ(2) ‘ਚ 9.9% ਦਾ ਵਾਧਾ ਦਰਜ ਹੋਇਆ ਹੈ…ਸਾਡੀ ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਬੱਚਿਆਂ ਨੂੰ ਪੜਾਈ ਦਾ ਵਧੀਆ ਮਾਹੌਲ ਦੇਈਏ…ਪੰਜਾਬ ਦੇ ਸਰਕਾਰੀ ਸਕੂਲਾਂ ਦੀ ਤਸਵੀਰ ਤੇ ਤਕਦੀਰ ਦੋਵੇਂ ਬਦਲ ਰਹੀ ਹੈ…ਭਗਵੰਤ ਮਾਨ,ਮੁੱਖ ਮੰਤਰੀ
ਦੱਸ ਦਈਏ ਸੀਐੱਮ ਮਾਨ ਸਪੱਸ਼ਟ ਸ਼ਬਦਾਂ ਵਿੱਚ ਆਖਿਆ ਹੈ ਕਿ ਉਹ ਸੂਬੇ ਦੇ ਸਰਕਾਰੀ ਸਕੂਲਾਂ ਨੂੰ ਕਿਸੇ ਵੀ ਪੱਖ ਤੋਂ ਪਿੱਛੇ ਨਹੀਂ ਰਹਿਣ ਦੇਣਗੇ ਅਤੇ ਸੂਬੇ ਦੇ ਸਰਕਾਰੀ ਸਕੂਲਾਂ ਦੀ ਤਸਵੀਰ ਅਤੇ ਤਕਦੀਰ ਦੋਵੇਂ ਹੀ ਬਦਲ ਦੇਣਗੇ। ਇਸ ਤੋਂ ਇਲਾਵਾ ਬੀਤੇ ਦਿਨੀ ਸੀਐੱਮ ਮਾਨ ਨੇ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ ਮੁਫਤ ਬੱਸ ਸੇਵਾ ਵੀ ਮੁਹੱਈਆ ਕਰਵਾਉਣ ਦਾ ਦਾਅਵਾ ਕੀਤਾ ਸੀ। ਸੀਐੱਮ ਮਾਨ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਜਲਦ ਹੀ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ ਵਿਦਿਆਰਥਣਾਂ ਲਈ ਬੱਸ ਸੇਵਾ ਸ਼ੁਰੂ ਕਰੇਗੀ।
ਬੱਸ ਸੇਵਾ ਦੀ ਸ਼ੁਰੂਆਤ ਲਈ ਮੀਟਿੰਗ: ਇਸ ਬੱਸ ਸੇਵਾ ਨੂੰ ਸ਼ੁਰੂ ਕਰਨ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅੱਜ ਸਿਵਲ ਸਕੱਤਰੇਤ ਵਿਖੇ ਵੱਖ-ਵੱਖ ਵਿਸ਼ਿਆਂ 'ਤੇ ਸਬੰਧਤ ਮੰਤਰੀਆਂ ਅਤੇ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ। ਮੁੱਖ ਮੰਤਰੀ ਦੀ ਮੀਟਿੰਗ ਸਵੇਰੇ 11 ਵਜੇ ਸ਼ੁਰੂ ਹੋਣ ਜਾ ਰਹੀ ਹੈ ਅਤੇ ਇਹ ਮੀਟਿੰਗ ਦੁਪਹਿਰ 2 ਵਜੇ ਤੱਕ ਚੱਲੇਗੀ। ਜਾਣਕਾਰੀ ਅਨੁਸਾਰ ਮੀਟਿੰਗ ਦਾ ਮੁੱਖ ਮੁੱਦਾ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਫ਼ਤ ਬੱਸ ਸੇਵਾ ਮੁਹੱਈਆ ਕਰਵਾਉਣਾ ਹੈ। ਸੀਐੱਮ ਮਾਨ ਦੀ ਇਸ ਮੀਟਿੰਗ ਵਿੱਚ ਜਿੱਥੇ ਪੰਜਾਬ ਮੰਤਰੀ ਮੰਡਲ ਦੇ ਸਬੰਧਿਤ ਮੰਤਰੀ ਸਾਮਿਲ ਸਨ ਉੱਥੇ ਹੀ ਵੱਖ-ਵੱਖ ਅਧਿਕਾਰੀ ਵੀ ਬੱਸ ਸੇਵਾ ਸਬੰਧੀ ਰੋਡਮੈਪ ਤਿਆਰ ਕਰਨ ਲਈ ਮੀਟਿੰਗ ਚ ਹਿੱਸਾ ਲੈ ਰਹੇ ਨੇ।