ਚੰਡੀਗੜ੍ਹ: ਪੰਜਾਬ ਪੁਲਿਸ ਦੇ ਇੰਸਪੈਕਟਰ ਜਨਰਲ ਸੁਖਚੈਨ ਸਿੰਘ ਗਿੱਲ ਨੇ ਨਸ਼ਿਆਂ ਖ਼ਿਲਾਫ਼ ਪੰਜਾਬ ਪੁਲਿਸ ਦੀ ਕਾਰਵਾਈ ਦੀ ਹਫ਼ਤਾਵਰੀ ਰਿਪੋਰਟ ਪੇਸ਼ ਕੀਤੀ। ਜਿਸ ਵਿੱਚ ਉਹਨਾਂ ਰੱਦ ਕੀਤੇ ਅਸਲਾ ਲਾਇਸੈਂਸ ਬਾਰੇ ਵੀ ਜਾਣਕਾਰੀ ਦਿੱਤੀ। ਆਈਜੀ ਗਿੱਲ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਜੁਲਾਈ 2022 ਤੋਂ ਮਾਰਚ ਤੱਕ ਪੰਜਾਬ ਪੁਲਿਸ ਨੇ 11360 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਹਨਾਂ ਵਿਚ 962 ਵਪਾਰਕ ਮਾਮਲਿਆਂ ਸਮੇਤ 8458 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਪੰਜਾਬ ਪੁਲਿਸ ਅਸਲਾ ਲਾਇਸੈਂਸ ਰਿਵੀਊ ਕਰ ਰਹੀ ਹੈ। ਜਿਹਨਾਂ ਵਿਚ 8100 ਲਾਇਸੈਂਸ ਅਜਿਹੇ ਹਨ ਜਿਹਨਾਂ ਨੂੰ ਰੱਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। 800 ਤੋਂ ਜ਼ਿਆਦਾ ਲਾਇਸੈਂਸ ਅਜਿਹੇ ਹਨ ਜੋ ਕਿ ਪਹਿਲਾਂ ਤੋਂ ਹੀ ਕੈਂਸਲ ਕਰ ਦਿੱਤੇ ਗਏ ਹਨ। 1460 ਲਾਇਸੈਂਸ ਅਜਿਹੇ ਹਨ ਜੋ ਕਿ ਪਹਿਲਾਂ ਹੀ ਰੱਦ ਕਰ ਦਿੱਤੇ ਗਏ ਹਨ।
ਪੁਲਿਸ ਨੇ ਨਾਕਾਬੰਦੀ ਅਭਿਆਨ ਵੀ ਚਲਾਇਆ: ਉਹਨਾਂ ਦੱਸਿਆ ਕਿ ਪੁਲਿਸ ਦੀਆਂ ਟੀਮਾਂ ਨੇ ਸੂਬੇ ਭਰ ਤੋਂ ਨਸ਼ਾ ਪ੍ਰਭਾਵਿਤ ਇਲਾਕਿਆਂ ਅਤੇ ਸੰਵੇਦਨਸ਼ੀਲ ਰੂਟਾਂ 'ਤੇ ਨਾਕਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾ ਕੇ 612.78 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਪੰਜਾਬ ਪੁਲਿਸ ਦੀਆਂ ਟੀਮਾਂ ਦੁਆਰਾ ਗੁਜਰਾਤ ਅਤੇ ਮਹਾਰਾਸ਼ਟਰ ਦੀਆਂ ਬੰਦਰਗਾਹਾਂ ਤੋਂ 147.5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਸ ਨਾਲ ਸਿਰਫ਼ ਅੱਠ ਮਹੀਨਿਆਂ ਵਿੱਚ ਹੈਰੋਇਨ ਦੀ ਕੁੱਲ ਬਰਾਮਦਗੀ 760.28 ਕਿੱਲੋ ਹੋ ਗਈ ਹੈ। ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਤੋਂ ਇਲਾਵਾ, ਆਈ.ਜੀ.ਪੀ. ਨੇ ਦੱਸਿਆ ਕਿ ਪੁਲਿਸ ਨੇ ਸੂਬੇ ਭਰ ਵਿੱਚੋਂ 464.18 ਕਿਲੋ ਅਫੀਮ, 586 ਕਿਲੋ ਗਾਂਜਾ, 270 ਕੁਇੰਟਲ ਭੁੱਕੀ ਅਤੇ 53.73 ਲੱਖ ਗੋਲੀਆਂ ਫਾਰਮਾ ਓਪੀਓਡਜ਼ ਦੀਆਂ ਸ਼ੀਸ਼ੀਆਂ ਵੀ ਬਰਾਮਦ ਕੀਤੀਆਂ ਹਨ। ਪੁਲਿਸ ਨੇ ਇਨ੍ਹਾਂ ਅੱਠ ਮਹੀਨਿਆਂ ਵਿਚ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਦੇ ਕਬਜ਼ੇ ਵਿੱਚੋਂ 10.36 ਕਰੋੜ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ।
ਪਿਛਲੇ ਇਕ ਹਫ਼ਤੇ 'ਚ ਹੋਈਆਂ 189 ਐਫਆਈਆਰਜ਼ : ਹਫ਼ਤਾਵਾਰੀ ਅਪਡੇਟ ਦਿੰਦਿਆਂ ਆਈਜੀਪੀ ਨੇ ਕਿਹਾ ਕਿ ਪਿਛਲੇ ਇੱਕ ਹਫ਼ਤੇ ਵਿੱਚ ਪੁਲਿਸ ਨੇ 22 ਵਪਾਰਕ ਮਾਮਲਿਆਂ ਸਮੇਤ 189 ਐਫਆਈਆਰਜ਼ ਦਰਜ ਕਰਕੇ 234 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਹਨਾਂ ਦੇ ਕਬਜ਼ੇ ਵਿੱਚੋਂ 7.60 ਕਿੱਲੋਗ੍ਰਾਮ ਹੈਰੋਇਨ, 10.30 ਕਿੱਲੋ ਅਫੀਮ, 13.87 ਕਿਲੋ ਗਾਂਜਾ, 2.80 ਕੁਇੰਟਲ ਭੁੱਕੀ, 59271 ਗੋਲੀਆਂ ਓਪੀਓਡਜ਼ ਦੀਆਂ ਸ਼ੀਸ਼ੀਆਂ ਸਮੇਤ 1.47 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਉਹਨਾਂ ਦੱਸਿਆ ਕਿ 5 ਜੁਲਾਈ, 2022 ਨੂੰ ਭਗੌੜਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਚਲਾਈ ਵਿਸ਼ੇਸ਼ ਮੁਹਿੰਮ ਦੇ ਚਲਦਿਆਂ ਪਿਛਲੇ ਹਫ਼ਤੇ ਦੌਰਾਨ ਐਨਡੀਪੀਐਸ ਕੇਸਾਂ ਵਿੱਚ 25 ਹੋਰ ਭਗੌੜੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਨਾਲ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 749 ਹੋ ਗਈ ਹੈ।
ਇਹ ਵੀ ਪੜ੍ਹੋ: Goindwal Sahib Murder Case : ਜੇਲ੍ਹ ਵਿੱਚ ਦੋਹਰੇ ਕਤਲ ਦੇ ਮਾਮਲੇ ਵਿੱਚ ਗੋਇੰਦਵਾਲ ਸਾਹਿਬ ਪੁਲਿਸ ਨੂੰ 3 ਗੈਂਗਸਟਰਾਂ ਦਾ ਮਿਲਿਆ ਰਿਮਾਂਡ