ਚੰਡੀਗੜ੍ਹ: ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਨੂੰ ਲੈਕੇ ਸਾਰੀਆਂ ਪਾਰਟੀਆਂ ਨੇ ਆਪਣੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਵਰਤਾਰੇ ਵਿਚਕਾਰ ਹੀ ਕਾਂਗਰਸ ਹਾਈ ਕਮਾਂਡ ਵੱਲੋਂ ਵੱਖ-ਵੱਖ ਸੂਬਿਆਂ ਦੀਆਂ ਆਪਣੀਆਂ ਇਕਾਈਆਂ ਨਾਲ ਮੀਟਿੰਗਾਂ ਕਰਕੇ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਅੱਜ ਪੰਜਾਬ ਦੀ ਕਾਂਗਰਸ ਇਕਾਈ ਵੀ ਦਿੱਲੀ ਦਰਬਾਰ ਵਿਖੇ ਲੋਕ ਸਭਾ ਚੋਣਾਂ 2024 ਦੀ ਰਣਨੀਤੀ ਨੂੰ ਲੈਕੇ ਹਾਜ਼ਰੀ ਲਵਾਉਣ ਲਈ ਪਹੁੰਚ ਰਹੀ ਹੈ।
INDIA ਗਠਜੋੜ ਨੂੰ ਲੈਕੇ ਮੰਥਨ: ਸਾਰੀਆਂ ਵਿਰੋਧੀ ਪਾਰਟੀਆਂ ਭਾਜਪਾ ਦੇ ਜੇਤੂ ਰੱਥ ਨੂੰ ਠੱਲ ਪਾਉਣ ਲਈ ਲੋਕ ਸਭਾ ਚੋਣਾਂ 2024 ਵਿੱਚ INDIA ਗਠਜੋੜ ਰਾਹੀਂ ਇਕੱਠੇ ਹੋਕੇ ਲੜਨ ਦੀਆਂ ਤਿਆਰੀਆਂ ਕਰ ਚੁੱਕੀਆਂ ਹਨ ਪਰ ਪੰਜਾਬ ਵਿੱਚ ਕਾਂਗਰਸ ਦੀ ਇਕਾਈ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਕਰਨ ਲਈ ਤਿਆਰ ਨਹੀਂ ਹੈ। ਇਸ ਦਰਮਿਆਨ ਕਿਆਸਰਾਈਆਂ ਇਹ ਲਗਾਈਆਂ ਜਾ ਰਹੀਆਂ ਹਨ ਕਿ ਅੱਜ ਦੀ ਮੀਟਿੰਗ ਵਿੱਚ ਇਹ ਫੈਸਲਾ ਹੋ ਸਕਦਾ ਹੈ ਕਿ ਪੰਜਾਬ ਵਿੱਚ ਕਾਂਗਰਸ ਗਠਜੋੜ ਕਰਕੇ ਸੀਟਾਂ ਸਾਂਝੀਆਂ ਕਰਕੇ ਮੈਦਾਨ ਵਿੱਚ ਉਤਰੇਗੀ ਜਾਂ ਪੰਜਾਬ ਦੀਆਂ ਸਾਰੀਆਂ13 ਲੋਕ ਸਭਾ ਸੀਟਾਂ ਉੱਤੇ ਕਾਂਗਰਸ ਆਪਣੇ ਉਮੀਦਵਾਰ ਉਤਾਰੇਗੀ।
ਪੰਜਾਬ ਕਾਂਗਰਸ ਦੇ ਆਗੂ ਨਹੀਂ ਤਿਆਰ: ਦੱਸ ਦਈਏ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜਿੱਥੇ ਆਮ ਆਦਮੀ ਪਾਰਟੀ ਨਾਲ ਗਠਜੋੜ ਨੂੰ ਲੈਕੇ ਪੁੱਛੇ ਜਾ ਰਹੇ ਸਵਾਲਾਂ ਦਾ ਹਮੇਸ਼ਾ ਗੋਲਮੋਲ ਜਵਾਬ ਦੇਕੇ ਹਾਈਕਮਾਂਡ ਦੇ ਉੱਤੇ ਗੱਲ ਸੁੱਟ ਦਿੰਦੇ ਹਨ ਉੱਥੇ ਹੀ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੇ ਤਾਂ ਸਪੱਸ਼ਟ ਸ਼ਬਦਾਂ ਵਿੱਚ ਹੀ 'ਆਪ' ਨਾਲ ਗਠਜੋੜ ਤੋਂ ਕਈ ਵਾਰ ਇਨਕਾਰ ਕਰ ਦਿੱਤਾ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਸੀਨੀਅਰ ਕਾਂਗਰਸ ਆਗੂ ਵੀ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਨ ਲਈ ਤਿਆਰ ਨਹੀਂ ਹਨ।
- ਅੱਜ ਵੀ ਈਡੀ ਦਫ਼ਤਰ ਨਹੀਂ ਪੇਸ਼ ਹੋਣਗੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸੀਐਮ ਨੇ ਈਡੀ ਨੂੰ ਲਿਖਿਆ ਪੱਤਰ
- ਅਡਾਨੀ ਗਰੁੱਪ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ, SIT ਜਾਂਚ ਤੋਂ ਇਨਕਾਰ, ਜਾਣੋਂ ਮਾਮਲਾ
- ਭਾਈ ਰਾਜੋਆਣਾ ਅਤੇ ਸਾਬਕਾ ਜਥੇਦਾਰ ਕਾਉਂਕੇ ਨੂੰ ਲੈਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ, ਕਿਹਾ..
ਸਿੱਧੂ ਧੜਾ ਗਠਜੋੜ ਦੇ ਹੱਕ ਵਿੱਚ: ਜੇਕਰ ਇੱਕ ਹੋਰ ਪੱਖ ਦੀ ਗੱਲ ਕਰੀਏ ਤਾਂ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਇਸ ਮਸਲੇ ਉੱਤੇ ਬਾਕੀ ਕਾਂਗਰਸ ਦੇ ਮੈਂਬਰਾਂ ਤੋਂ ਵੱਖ ਵਿਖਾਈ ਦੇ ਰਹੇ ਹਨ। ਨਵਜੋਤ ਸਿੱਧੂ ਆਮ ਆਦਮੀ ਪਾਰਟੀ ਦੇ ਨਾਲ ਲੋਕ ਸਭਾ ਵਿੱਚ ਗਠਜੋੜ ਕਰਕੇ ਉਤਰਨ ਦੇ ਹੱਕ ਵਿੱਚ ਹਨ। ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਦੇ ਧੜੇ ਵਿੱਚ ਵੀ ਪੰਜਾਬ ਦੇ ਕਈ ਕਾਂਗਰਸੀ ਵਰਕਰ ਅਤੇ ਸਾਬਕਾ ਲੀਡਰ ਸ਼ਾਮਿਲ ਹਨ। ਹੁਣ ਵੇਖਣਾ ਹੋਵੇਗਾ ਕਿ ਕਾਂਗਰਸ ਹਾਈਕਮਾਂਡ ਇਸ ਗੰਭੀਰ ਮਸਲੇ ਦਾ ਕਿਵੇਂ ਸਾਰਥਕ ਹੱਲ ਕੱਢਦੀ ਹੈ।