ਚੰਡੀਗੜ੍ਹ: ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਪੰਜਾਬ ਦੇ ਕ੍ਰਿਕਟ ਖਿਡਾਰੀਆਂ ਨੂੰ ਨਹੀਂ ਬਲਕਿ ਬਾਹਰੀ ਸੂਬਿਆਂ ਦੇ ਖਿਡਾਰੀਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਪੰਜਾਬ ਦੇ ਕ੍ਰਿਕਟ ਖਿਡਾਰੀਆਂ ਦੇ ਮਾਪਿਆਂ ਵੱਲੋਂ ਪੰਜਾਬ ਕ੍ਰਿਕਟ ਐਸੋਸੀਏਸ਼ਨ ’ਤੇ ਇਹ ਗੰਭੀਰ ਇਲਜ਼ਾਮ ਲਗਾਏ ਗਏ ਹਨ। ਇਥੋਂ ਤੱਕ ਅੰਡਰ 19 ਵਿੱਚ ਵੀ ਬਾਹਰੀਂ ਸੂਬਿਆਂ ਦੇ ਖਿਡਾਰੀਆਂ ਨੂੰ ਖਿਡਾਇਆ ਜਾ ਰਿਹਾ ਹੈ। ਪੰਜਾਬ ਦੇ ਕ੍ਰਿਕਟ ਖਿਡਾਰੀਆਂ ਦੇ ਮਾਪਿਆਂ ਨੇ ਦੱਸਿਆ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਇਹ ਸਭ ਕੁਝ ਬਹੁਤ ਚਲਾਕੀ ਨਾਲ ਕੀਤਾ ਜਾ ਰਿਹਾ ਹੈ। ਬਾਹਰੀਂ ਖਿਡਾਰੀਆਂ ਦੇ ਜਾਅਲੀ ਦਸਤਾਵੇਜ਼ ਬਣਾਏ ਜਾਂਦੇ ਹਨ ਅਤੇ ੳੇੁਸ ਆਧਾਰ ਉੱਤੇ ਬਾਹਰੀ ਖਿਡਾਰੀਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ।
ਗੰਗਾਨਗਰ ਦੇ ਖਿਡਾਰੀਆਂ ਨੂੰ ਮਿਲੇ ਮੌਕੇ: ਪੀਸੀਏ ਉੱਤੇ ਇਹ ਇਲਜ਼ਾਮ ਲਗਾਇਆ ਗਿਆ ਕਿ ਗੰਗਾ ਨਗਰ ਦੇ ਖਿਡਾਰੀਆਂ ਨੂੰ ਪੰਜਾਬ ਦੇ ਵਿੱਚ ਖਿਡਾਇਆ ਗਿਆ। ਪੰਜਾਬ ਦੀ ਅੰਡਰ 19 ਟੀਮ ਵਿਚ ਗੰਗਾਨਗਰ ਦੇ ਖਿਡਾਰੀ ਖੇਡੇ। 15 ਤੋਂ ਜ਼ਿਆਦਾ ਅਜਿਹੇ ਬਾਹਰੀ ਖਿਡਾਰੀ ਹਨ ਜਿਹਨਾਂ ਦੇ ਨਕਲੀ ਦਸਤਾਵੇਜ਼ ਤਿਆਰ ਕੀਤੇ ਗਏ। ਦਸੰਬਰ ਮਹੀਨੇ ਮਾਨਸਾ ਦਾ ਇਕ ਖਿਡਾਰੀ ਰਣਦੀਪ ਸਿੰਘ ਪੰਜਾਬ ਸਟੇਟ ਅੰਡਰ 19 ਟਰਾਫ਼ੀ ਖੇਡਦੇ ਖੇਡਦੇ ਅਚਾਨਕ ਮੈਚਾਂ ਵਿੱਚੋਂ ਬਾਹਰ ਹੋ ਗਿਆ ਤਾਂ ਸ਼ੱਕ ਪਿਆ ਕਿ ਕੋਈ ਗੜਬੜ ਹੈ।
ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਵਲੋਂ ਜਿਲ੍ਹੇ ਦੀ ਕ੍ਰਿਕਟ ਟੀਮ ਵਿਚ ਖੇਡ ਕੇ ਅੱਗੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਪੰਜਾਬ ਦੀ ਟੀਮ ਵਿਚ ਖੇਡਣ ਵਾਲੇ ਦੋ ਕ੍ਰਿਕਟ ਖਿਡਾਰੀਆਂ ਸਕਸ਼ਮ ਮਿੱਤਲ ਅਤੇ ਰਣਦੀਪ ਸਿੰਘ ਵਲੋਂ ਉਮਰਾਂ ਘਟਾ ਕੇ ਛੋਟੀ ਉਮਰ ਵਰਗ ਵਿਚ ਖੇਡਣ ਸਬੰਧੀ ਕੁੱਝ ਦਸਤਾਵੇਜ਼ ਖਿਡਾਰੀਆਂ ਦੇ ਮਾਪਿਆਂ ਨੂੰ ਮਿਲੇ ਜਿੰਨਾ ਦੀ ਘੋਖ ਕਰਨ ਉੱਤੇ ਬਹੁਤ ਹੀ ਹੈਰਾਨੀ ਹੋਈ ਕਿ ਕਿੰਨੀ ਸਫਾਈ ਨਾਲ ਇਹ ਖਿਡਾਰੀ ਮਿਲੀਭੁਗਤ ਨਾਲ ਫ਼ਰਜ਼ੀ ਦਸਤਾਵੇਜ਼ਾਂ ਦੇ ਆਧਾਰ ਉੱਤੇ ਵੱਡੀਆਂ ਉਮਰਾਂ ਨੂੰ ਛੋਟੀਆਂ ਉਮਰਾਂ ਵਿਚ ਤਬਦੀਲ ਕਰਕੇ, ਛੋਟੀ ਉਮਰ ਵਰਗ ਦੇ ਖਿਡਾਰੀਆਂ ਵਿੱਚ ਆਪਣੀ ਉਮਰ ਵੱਧ ਹੋਣ ਕਰਕੇ, ਵਧੀਆ ਪ੍ਰਦਰਸ਼ਨ ਕਰਕੇ ਪੰਜਾਬ ਟੀਮ ਲਈ ਖੇਡਣਾ ਯਕੀਨੀ ਬਣਾ ਚੁੱਕੇ ਹਨ।
ਪੀਸੀਏ ਦਾ ਘਪਲਾ ਉਜਾਗਰ ਨਹੀਂ ਹੋ ਰਿਹਾ: ਪ੍ਰੈਸ ਕਾਨਫਰੰਸ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇੰਨੀ ਵੱਡੀ ਪੱਧਰ ਉੱਤੇ ਪੀਸੀਏ ਦਾ ਘਪਲਾ ਉਜਾਗਰ ਨਹੀਂ ਹੋ ਰਿਹਾ। ਬਾਹਰੀ ਸੂਬਿਆਂ ਦੇ ਖਿਡਾਰੀ ਫਰਜ਼ੀ ਦਸਤਾਵੇਜ਼ਾਂ ਦੇ ਸਿਰ ਉੱਤੇ ਟੀਮ ਵਿਚ ਸ਼ਾਮਿਲ ਹੋ ਰਹੇ ਹਨ ਅਤੇ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਵਿਚ ਖੇਡ ਰਹੇ ਹਨ। ਪੰਜਾਬ ਵਿਚ ਖੇਡਣ ਵਾਲੇ ਜ਼ਿਆਦਾਤਰ ਖਿਡਾਰੀ ਰਾਜਸਥਾਨ ਦੇ ਹਨ ਜੋ ਕਿ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਵੀ ਮੈਚ ਖੇਡ ਚੁੱਕੇ ਹਨ।
ਪੰਜਾਬ ਕ੍ਰਿਕਟ ਐਸੋਸੀਏਸ਼ਨ ਕਿਵੇਂ ਕਰਦਾ ਹੈ ਕੰਮ ? : ਪੀਸੀਏ ਪੰਜਾਬ ਅਤੇ ਚੰਡੀਗੜ੍ਹ ਦੀ ਗਵਰਨਿੰਗ ਬਾਡੀ ਹੈ, ਮੁਹਾਲੀ ਕ੍ਰਿਕਟ ਸਟੇਡੀਅਮ ਵਿੱਚ ਇਸਦਾ ਮੁੱਖ ਦਫ਼ਤਰ ਹੈ। ਕਿਹਾ ਜਾਂਦਾ ਹੈ ਕਿ ਇਸ ਵਿੱਚ ਅੰਤਰਾਸ਼ਟਰੀ ਪੱਧਰ ਦੇ ਮੈਚ ਦੀਆਂ ਸਾਰੀਆਂ ਸਹੂਲਤਾਂ ਹਨ। ਪੰਜਾਬ ਦੇ ਸਾਰੇ ਪ੍ਰਮੁੱਖ ਜ਼ਿਲ੍ਹਿਆਂ ਅੰਮ੍ਰਿਤਸਰ, ਜਲੰਧਰ, ਮੁਹਾਲੀ, ਕਪੂਰਥਲਾ, ਸੰਗਰੂਰ, ਮੁਕਤਸਰ, ਨਵਾਂਸ਼ਹਿਰ ਵਰਗੇ ਜ਼ਿਲ੍ਹਿਆਂ ਵਿੱਚ ਖਿਡਾਰੀਆਂ ਨੂੰ ਪੀਸੀਏ ਵੱਲੋਂ ਕੋਚਿੰਗ ਮੁਹੱਈਆ ਕਰਵਾਈ ਜਾਂਦੀ ਹੈ।