ਚੰਡੀਗੜ੍ਹ: ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮਾਈਨਿੰਗ ਤੇ ਲਗਾਈ ਗਈ ਰੋਕ ਤੋਂ ਬਾਅਦ ਸੂਬੇ ਭਰ ਦੇ ਵਿੱਚ ਰੇਤਾ ਨਾ ਮਿਲਣ ਕਾਰਨ ਜਿੱਥੇ ਨਿਰਮਾਣ ਕਾਰਜਾਂ ਵਿੱਚ ਦੇਰੀ ਹੋਈ ਹੈ, ਉਥੇ ਹੀ ਇਸ ਵਜ੍ਹਾ ਨਾਲ ਕਈ ਕਾਰੋਬਾਰ ਪ੍ਰਭਾਵਿਤ ਹੋਏ ਹਨ। ਹਾਲਾਂਕਿ ਬੀਤੇ ਦਿਨ੍ਹੀਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਲੋਕਾਂ ਨੂੰ ਜਲਦ ਸਸਤੇ ਭਾਅ ਵਿੱਚ ਰੇਤਾ ਮਿਲਣ ਦਾ ਭਰੋਸਾ ਦਿੰਦਿਆਂ ਢੋਆ-ਢੁਆਈ ਦੇ ਰੇਟ ਤੈਅ ਕਰ ਦਿੱਤੇ ਹਨ। ਇੱਕ ਮੀਡੀਆ ਅਦਾਰੇ ਨਾਲ ਗੱਲਬਾਤ ਕਰਦੇ ਹੋਏ ਹਰਜੋਤ ਸਿੰਘ ਬੈਂਸ ਨੇ ਲੋਕਾਂ ਨੂੰ ਜਲਦ ਹੀ ਰੇਤਾ-ਬਜਰੀ ਦੀ ਹੋਮ ਡਿਲੀਵਰੀ (Home delivery of sand will start) ਦੀ ਸਹੂਲਤ ਦੇਣ ਬਾਰੇ ਵੀ ਭਰੋਸਾ ਦਿਵਾਇਆ।
ਐਪ ਰਾਹੀਂ ਘਰ ਤੱਕ ਪੁੱਜੇਗੀ ਰੇਤਾ: ਐਪ ਰਾਹੀਂ ਕਿਵੇਂ ਘਰ-ਘਰ ਪੁੱਜੇਗੀ ਰੇਤਾ ਦੇ ਸਵਾਲ ਤੇ ਮੰਤਰੀ ਬੈਂਸ ਨੇ ਕਿਹਾ ਕਿ ਪ੍ਰਸ਼ਾਸਨ ਦੇ ਕੁਝ ਅਧਿਕਾਰੀ, ਇੰਜੀਨੀਅਰ ਅਤੇ ਐਕਸਿਸ ਬੈਂਕ ਦੇ ਕੁਝ ਅਧਿਕਾਰੀ ਇਸ ਐਪ 'ਤੇ ਕੰਮ ਕਰ ਰਹੇ ਹਨ। ਜਲਦ ਹੀ ਇਹ ਐਪ ਲਾਂਂਚ ਕੀਤੀ ਜਾਵੇਗੀ। ਐਪ ਰਾਹੀਂ ਹੀ ਰੇਤਾ ਦਾ ਭਾਅ ਅਤੇ ਟਰਾਂਸਪੋਰਟ ਦੇ ਖਰਚ ਬਾਰੇ ਵੀ ਪਤਾ ਲੱਗ ਸਕੇਗਾ। ਆਰਡਰ ਕਰਨ ’ਤੇ ਰੇਤ ਦੀ ਡਿਲੀਵਰੀ ਸੰਬੰਧਤ ਜਗ੍ਹਾ ’ਤੇ ਕਰ ਦਿੱਤੀ ਜਾਵੇਗੀ।
ਇਸ ਦੌਰਾਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਰੇਤ ਦੀ ਕਾਲਾ-ਬਜ਼ਾਰੀ ਨੂੰ ਰੋਕਣ ਲਈ ਅਸੀਂ ਜੋ ਵੀ ਬਿਹਤਰ ਕਰ ਸਕਦੇ ਸਾਂ, ਉਹ ਕੀਤਾ ਹੈ। ਰੇਤਾ-ਬਜਰੀ ਦੇ ਸਰਕਾਰੀ ਸੇਲ ਸੈਂਟਰ ਖੋਲ੍ਹੇ ਗਏ ਹਨ ਅਤੇ ਰੇਟ ਤੈਅ ਕਰ ਦਿੱਤੇ ਹਨ। ਇਸ ਨਾਲ ਰੇਤਾ ਦੇ ਰੇਟ ਚਾਰ ਗੁਣਾਂ ਤੱਕ ਘਟ ਗਏ ਹਨ ਤੇ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ। ਉਨਾਂ ਦੱਸਿਆ ਕਿ 1 ਨਵੰਬਰ ਤੋਂ ਲੈ ਕੇ 10 ਨਵੰਬਰ 2022 ਤੱਕ ਮਈਨਿੰਗ ਕਰਨ ਦਾ ਸਮਾਂ ਮਿਲਿਆ ਸੀ ਅਤੇ 10 ਦਿਨ੍ਹਾਂ ਦੇ ਵਿੱਚ ਹੀ ਟਿੱਪਰ ਦਾ 15-16000 ਹਜਾਰ ਰੁਪਏ ਦਾ ਰੇਟ ਹੋ ਗਿਆ ਸੀ।
'ਮਾਈਨਿੰਗ ਬੰਦ ਹੋਣ ਕਾਰਨ ਪੰਜਾਬ ਦੀ ਤਰੱਕੀ ਰੁਕੀ': ਉਨ੍ਹਾਂ ਦੱਸਿਆ ਕਿ ਇਨ੍ਹਾਂ 10 ਦਿਨਾਂ ਦੀ ਆਮਦਨ 25 ਕਰੋੜ ਰੁਪਏ ਹੋ ਗਈ ਸੀ ਯਾਨੀ ਪੰਜਾਬ ਸਰਕਾਰ ਨੂੰ ਰੋਜ਼ਾਨਾ ਆਮਦਨ ਢਾਈ ਕਰੋੜ ਰੁਪਏ ਹੋ ਗਈ ਸੀ। ਜੇਕਰ ਇੰਝ ਹੀ ਚਲਦਾ ਰਹਿੰਦਾ ਤਾਂ ਰੋਜ਼ਾਨਾ 3 ਸਵਾ 3 ਕਰੋੜ ਰੁਪਏ ਅਤੇ 4 ਕਰੋੜ ਤੱਕ ਸਰਕਾਰ ਦੀ ਆਮਦਨ ਹੋ ਜਾਣੀ ਸੀ। ਉਨ੍ਹਾਂ ਕਿਹਾ ਕਿ ਇਸ ਨਾਲ ਰੇਤਾ ਦੇ ਭਾਅ ਵਿੱਚ ਭਾਰੀ ਕਮੀ ਆ ਗਈ ਸੀ। ਪਰ ਹੁਣ ਜਦ ਹਾਈ ਕੋਰਟ ਵੱਲੋਂ ਮਾਈਨਿੰਗ ਦੀ ਇਜਾਜਤ ਹੀ ਨਹੀਂ ਦਿੱਤੀ ਜਾ ਰਹੀ, ਇੰਨੀਆਂ ਜ਼ਿਆਦਾ ਸ਼ਰਤਾਂ ਰੱਖ ਦਿੱਤੀਆਂ ਗਈਆਂ ਹਨ ਤਾਂ ਇਹ ਸਮੱਸਿਆ ਆਏਗੀ ਹੀ। ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਹਾਈ ਕੋਰਟ ਵਿੱਚ ਇਸ ਮਾਮਲੇ ਨੂੰ ਲੈ ਕੇ ਅਗਲੀ ਸੁਣਵਾਈ 4 ਜਨਵਰੀ 2023 ਨੂੰ ਹੈ। ਸਰਕਾਰ ਵੱਲੋਂ ਹਰ ਵਾਰ ਹਾਈ ਕੋਰਟ ਨੂੰ ਦੱਸਿਆ ਜਾ ਰਿਹਾ ਹੈ ਕਿ ਮਾਈਨਿੰਗ ਬੰਦ ਹੋਣ ਕਾਰਨ ਪੰਜਾਬ ਦੀ ਤਰੱਕੀ ਰੁਕੀ ਹੋਈ ਹੈ।
ਰੇਤਾ ਬਜਰੀ ਦੇ ਰੇਟਾਂ ਸੰਬੰਧੀ: ਮੰਤਰੀ ਬੈਂਸ ਨੇ ਕਿਹਾ ਕਿ ਬੀਤੇ ਸਮੇਂ ਦੌਰਾਨ ਟਰਾਂਸਪੋਰਟਰਾਂ ਨਾਲ ਵੀ ਗੱਲ ਹੋਈ ਹੈ। ਇਸ ਦੌਰਾਨ ਇਕ ਹੋਰ ਗੱਲ ਸਾਹਮਣੇ ਆਈ ਹੈ ਕਿ ਜਿੰਨੇ ਵੀ ਬਿਲਡਿੰਗ ਮਟੀਰੀਅਲ ਸਟੋਰ ਹਨ, ਉਹਨਾਂ ਵਲੋਂ ਬਹੁਤ ਜਿਆਦਾ ਰੇਤਾ ਅਤੇ ਹੋਰ ਬਿਲਡਿੰਗ ਮਟੀਰੀਅਲ ਸਟੋਰ ਕੀਤਾ ਹੋਇਆ ਹੈ ਅਤੇ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਰੇਤਾ ਮਿਲਦੀ ਨਹੀਂ ਅਤੇ ਮਹਿੰਗੇ ਭਾਅ ਵਸੂਲੇ ਜਾ ਰਹੇ ਹਨ। ਉਹਨਾਂ ’ਤੇ ਵੀ ਅਸੀਂ ਸਖ਼ਤੀ ਕਰ ਰਹੇ ਹਾਂ। ਏਸੇ ਲਈ ਹੀ ਅਸੀਂ ਸਰਕਾਰੀ ਸਟੋਰ ਖੋਲ੍ਹ ਰਹੇ ਹਾਂ। ਜੇਕਰ ਕੋਈ ਤੈਅ ਰੇਟ ਤੋਂ ਜ਼ਿਆਦਾ ਤੇ ਰੇਤਾ ਵੇਚਦਾ ਹੈ ਤਾਂ ਉਸ ਨੂੰ ਜੁਰਮਾਨਾ ਲਗਾਇਆ ਜਾਵੇਗਾ।
ਵਿਰੋਧੀ ਪਾਰਟੀਆਂ ਵਲੋਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਦਿੱਤੇ ਬਿਆਨ ਕਿ ਅਸੀਂ ਮਾਈਨਿੰਗ ਤੋ ਇਨ੍ਹਾਂ ਪੈਸਾ ਲੈ ਆਵਾਂਗੇ ਤਾਂ ਹੁਣ ਤਕ ਸਰਕਾਰ ਕੁਝ ਕਰ ਕਿਉਂ ਨਹੀਂ ਪਾ ਰਹੀ ਦੇ ਕੱਸੇ ਜਾ ਰਹੇ ਤੰਜ ਤੇ ਬੈਂਸ ਨੇ ਕਿਹਾ ਕਿ ਬੀਤੇ ਸਮੇਂ ਦੌਰਾਨ ਮਾਈਨਿੰਗ ਤੇ ਬਹੁਤ ਵੱਡੀ ਲੁੱਟ ਹੋਈ ਹੈ ਅਤੇ ਹੁਣ ਉਸ ਤੋਂ 4 ਗੁਣਾ ਅਸੀਂ ਦੇ ਰਹੇ ਹਾਂ ਪਰ ਫਿਰ ਵੀ ਰੇਟ ਵੱਧ ਰਹੇ ਹਨ ਮਤਲਬ ਕਿ ਇਸ ਮਾਮਲੇ ਵਿਚ ਬਹੁਤ ਵੱਡੀ ਲੁੱਟ ਹੋਈ ਹੈ।
ਇਹ ਵੀ ਪੜ੍ਹੋ: CBSE ਨੇ 10ਵੀਂ-12ਵੀਂ ਬੋਰਡ ਪ੍ਰੀਖਿਆ ਦੀ ਡੇਟਸ਼ੀਟ ਕੀਤੀ ਜਾਰੀ: 15 ਫਰਵਰੀ ਤੋਂ ਸ਼ੁਰੂ ਹੋਵੇਗੀ ਪ੍ਰੀਖਿਆ