ਚੰਡੀਗੜ੍ਹ: ਅੱਜ ਪੰਜਾਬ ਭਾਜਪਾ ਦੇ ਸੂਬਾ ਦਫ਼ਤਰ ਸੈਕਟਰ 37 ਏ ਚੰਡੀਗੜ੍ਹ ਵਿਖੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਸ਼ੁਭਾਸ ਸ਼ਰਮਾ ਨੇ ਮਾਸਟਰ ਕਾਡਰ ਲਈ ਅਧਿਆਪਕ ਯੋਗਤਾ ਪ੍ਰੀਖਿਆ ਵਿੱਚ ਹੋਈ ਗੜਬੜੀ ਮਾਮਲੇ 'ਚ ਸੀਬੀਅਈ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਇਸ ਗੜਬੜੀ ਲਈ ਪੰਜਾਬ ਸਰਕਾਰ ਸ਼ੱਕ ਦੇ ਘੇਰੇ ਵਿੱਚ ਹੈ। ਉਹਨਾ ਕਿਹਾ ਕਿ ਕਿਸ ਤਰਾਂ ਐੱਸਐੱਸਟੀ ਦੇ ਪੇਪਰ ਦੇ 60 ਪ੍ਰਸ਼ਨਾਂ ਦੇ ਵਿੱਚੋ 57 ਉੱਤਰਾਂ ਨੂੰ ਹਾਈਲਾਈਟ ਕੀਤਾ ਗਿਆ ਹੈ ਇਹ ਬਹੁਤ ਹੀ ਗੰਭੀਰ ਮਾਮਲਾ ਹੈ।
ਸੀਬੀਆਈ ਜਾਂਚ ਦੀ ਮੰਗ: ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲਾ ਵੀ ਨਾਇਬ ਤਹਿਸੀਲਦਾਰ ਦੀ ਭਰਤੀ ਵਿੱਚ ਘੋਟਾਲਾ ਕੀਤਾ ਸੀ ਜਿਸ ਵਿੱਚ ਆਪਣੇ ਚਹੇਤਿਆਂ ਨੂੰ ਨਾਇਬ ਤਹਿਸੀਲਦਾਰ ਦਾ ਟੈਸਟ ਪਾਸ ਕਰਵਾਇਆ ਸੀ। ਉਨ੍ਹਾਂ ਕਿਹਾ ਹੁਣ ਵੀ ਇੰਝ ਹੀ ਪ੍ਰਤੀਤ ਹੋ ਰਿਹਾ ਹੈ ਕਿ ਸਰਕਾਰ ਨੇ ਆਪਣੇ ਚਹੇਤਿਆਂ ਲਈ ਹੀ ਇਹ ਸਭ ਕੁਝ ਕੀਤਾ ਪਰ ਗਲਤੀ ਨਾਲ ਫੜੇ ਗਏ। ਉਹਨਾਂ ਕਿਹਾ ਕਿ ਪਹਿਲਾ ਹੋਏ ਘੋਟਾਲਿਆ ਦੇ ਦੋਸ਼ੀਆਂ ਦੇ ਖ਼ਿਲਾਫ਼ ਅਜੇ ਤੱਕ ਕੋਈ ਕਾਰਵਾਈ ਨਹੀਂ ਇਸ ਲਈ ਸਾਨੂੰ ਸਰਕਾਰ ਦੀ ਕਿਸੇ ਜਾਂਚ ਕਮੇਟੀ ਉੱਤੇ ਕੋਈ ਭਰੋਸਾ ਨਹੀਂ ਹੈ। ਉਨ੍ਹਾਂ ਕਿਹਾ ਇਸ ਲਈ ਭਾਜਪਾ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕਰਦੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਹੈ,ਜਿਸ ਉੱਤੇ ਪੰਜਾਬ ਭਾਜਪਾ ਚੁੱਪ ਨਹੀਂ ਬੈਠੇਗੀ ।
ਕੱਟੜ ਬੇਈਮਾਨ: ਸ਼ੁਭਾਸ ਸ਼ਰਮਾ ਨੇ ਕਿਹਾ ਕਿ ਕੱਟੜ ਇਮਾਨਦਾਰ ਕਹਾਉਣ ਵਾਲੇ ਕੱਟੜ ਬੇਈਮਾਨ ਨਿਕਲੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਮੰਤਰੀਆਂ ਅਤੇ ਵਿਧਾਇਕਾਂ ਦੇ ਨਾਲ ਨਾਲ ਹੁਣ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਵੀ ਭ੍ਰਿਸ਼ਟਾਚਾਰ ਵਿੱਚ ਸ਼ਾਮਿਲ ਹੋ ਗਏ ਹਨ। ਜਿਸ ਦੀ ਤਾਜ਼ਾ ਉਦਾਹਰਣ ਮਾਨਸਾ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਦੀ ਰਿਸ਼ਵਤ ਲੈੰਦਿਆ ਦੀ ਵਾਇਰਲ ਹੋ ਰਹੀ ਵੀਡੀਓ ਹੈ।ਹੈ। ਸ਼ੁਭਾਸ ਸ਼ਰਮਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸੁਰੱਖਿਆ ਵਿੱਚ ਲਾਪਰਵਾਹੀ ਵਰਤਣ ਵਾਲੇ ਪੰਜਾਬ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਫਸਰਾਂ ਵਿਰੁੱਧ ਸੁਪਰੀਮ ਕੋਰਟ ਦੀ ਨਿਗਰਾਨੀ ਵਾਲੀ ਕਮੇਟੀ ਵੱਲੋਂ ਕਾਰਵਾਈ ਦੀ ਸਿਫ਼ਾਰਸ਼ ਦੇ ਬਾਵਜੂਦ ਵੀ ਪਿਛਲੇ ਛੇ ਮਹੀਨਿਆਂ ਤੋਂ ਕਾਰਵਾਈ ਨਾ ਕਰਨ ਨੂੰ ਲੈਕੇ ਪੰਜਾਬ ਸਰਕਾਰ ਨੂੰ ਲੰਮੇਂ ਹੱਥੀ ਲੈਂਦੇ ਕਿਹਾ ਕਿ ਪੰਜਾਬ ਸਰਕਾਰ ਨੂੰ ਨਾ ਤਾਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੀ ਕੋਈ ਫ਼ਿਕਰ ਹੈ ਨਾ ਹੀ ਪੰਜਾਬੀਆ ਦੀ ।
ਉਹਨਾਂ ਕਿਹਾ ਕਿ ਪੰਜਾਬ ਦੇ ਹਾਲਾਤ ਬਹੁਤ ਚਿੰਤਾਜਨਕ ਹਨ ਪਰ ਸਰਕਾਰ ਕੁਭਕਰਨੀ ਨੀਂਦ ਸੁੱਤੀ ਪਈ ਹੈ। ਕਾਂਗਰਸ ਵੱਲੋਂ ਕੀਤੇ ਗਏ ਪ੍ਰਦਰਸ਼ਨਾਂ ਦੇ ਸੁਆਲ ਦਾ ਜੁਆਬ ਦਿੰਦੇ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਭ੍ਰਿਸ਼ਟਾਚਾਰ ਦੀ ਜਨਣੀ ਹੈ ,ਉਸ ਦੇ ਬਹੁਤ ਲੀਡਰਾਂ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਪਰਚੇ ਦਰਜ ਹਨ । ਉਨ੍ਹਾਂ ਕਿਹਾ ਕਾਂਗਰਸ ਪਾਰਟੀ ਨੂੰ ਆਪਣੀ ਪੀੜੀ ਥੱਲੇ ਸੋਟਾ ਫੇਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ: Action after CM's directive: ਟੈੱਟ ਵਿਵਾਦ 'ਤੇ ਸੀਐੱਮ ਮਾਨ ਦੇ ਨਿਰਦੇਸ਼ ਤੋਂ ਬਾਅਦ ਐਕਸ਼ਨ, ਦੋ ਅਫ਼ਸਰਾਂ ਨੂੰ ਕੀਤਾ ਗਿਆ ਮੁਅੱਤਲ