ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਚੱਲਦਿਆਂ ਪੂਰੇ ਦੇਸ਼ ਵਿੱਚ ਲੌਕਡਾਊਨ ਚੱਲ ਰਿਹਾ ਸੀ, ਜਿਸ ਕਾਰਨ ਸਾਰੇ ਕੰਮ ਕਾਰ ਠੱਪ ਪਏ ਸਨ। ਹੁਣ ਲੌਕਡਾਊਨ 4.0 ਖ਼ਤਮ ਹੋ ਚੁੱਕਾ ਹੈ ਤੇ ਅੱਜ ਤੋਂ ਅਨਲਾਕ 1.0 ਸਰਕਾਰ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ। ਲੋਕ ਸਰਕਾਰ ਵੱਲੋਂ ਦਿੱਤੀਆਂ ਹਿਦਾਇਤਾਂ ਮੁਤਾਬਕ ਘਰੋਂ ਬਾਹਰ ਜਾ ਸਕਦੇ ਹਨ ਅਤੇ ਆਪਣੇ ਕੰਮਕਾਰ ਕਰ ਸਕਦੇ ਹਨ।
ਪੰਜਾਬ ਅਤੇ ਹਰਿਆਣਾ ਸਰਕਾਰ ਵੱਲੋਂ ਲੌਕਡਾਊਨ 4.0 ਵਿੱਚ ਹੀ ਕਾਫੀ ਰਿਆਇਤਾਂ ਦੇ ਦਿੱਤੀਆਂ ਗਈਆਂ ਸਨ ਜਿਸ ਵਿੱਚ ਬਾਰਬਰ ਸ਼ਾਪ ਅਤੇ ਹੇਅਰ ਸੈਲੂਨ ਖੋਲ੍ਹਣ ਦੀ ਇਜਾਜ਼ਤ ਵੀ ਮਿਲ ਗਈ ਸੀ। ਵੱਡੇ ਸੈਲੂਨ ਤਾਂ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦਾ ਪਾਲਨ ਕਰ ਹੀ ਰਹੇ ਹਨ ਇਸ ਦੇ ਨਾਲ ਹੀ ਜ਼ੀਰਕਪੁਰ ਵਿੱਚ ਦਰਖ਼ਤ ਹੇਠਾਂ ਬੈਠੇ ਨਾਈ ਵੀ ਪੂਰੇ ਤਰੀਕੇ ਨਾਲ ਅਹਤਿਆਤ ਵਰਤ ਕੇ ਕੰਮ ਕਰ ਰਹੇ ਹਨ।
ਨਾਈ ਪੀਪੀਈ ਕਿੱਟ ਪਾ ਕੇ ਲੋਕਾਂ ਦੇ ਬਾਲ਼ ਕੱਟ ਰਹੇ ਹਨ। ਅਹਿਮਦ ਨਾਈ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਚੱਲਦੇ ਪਿਛਲੇ ਦੋ ਮਹੀਨੇ ਤੋਂ ਉਹ ਘਰ ਬੈਠੇ ਸਨ ਜਿਸ ਕਰਕੇ ਉਨ੍ਹਾਂ ਲਈ ਆਪਣੀ ਰੋਜ਼ੀ ਰੋਟੀ ਚਲਾਉਣਾ ਵੀ ਬੜਾ ਮੁਸ਼ਕਿਲ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਜਦੋਂ ਸਰਕਾਰ ਵੱਲੋਂ ਨਾਈ ਦੀਆਂ ਦੁਕਾਨਾਂ ਅਤੇ ਸੈਲੂਨ ਖੋਲ੍ਹ ਦਿੱਤੇ ਗਏ ਹਨ ਤਾਂ ਉਨ੍ਹਾਂ ਨੇ ਵੀ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ।
ਉਸ ਨੇ ਦੱਸਿਆ ਕਿ ਉਹ ਸਰਕਾਰ ਵਲੋਂ ਜਾਰੀ ਕੀਤੀਆਂ ਹਿਦਾਇਤਾਂ ਦੀ ਪੂਰੀ ਪਾਲਣਾ ਕਰ ਰਹੇ ਹਨ ਤੇ ਪੀਪੀਈ ਕਿੱਟ ਪਾ ਕੇ ਹੀ ਉਹ ਆਪਣਾ ਕੰਮ ਕਰ ਰਹੇ ਹਨ। ਇਸ ਬਿਮਾਰੀ ਤੋਂ ਆਪਣੇ ਆਪ ਨੂੰ ਆਪਣੇ ਗ੍ਰਾਹਕਾਂ ਨੂੰ ਅਤੇ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ।