ਚੰਡੀਗੜ੍ਹ: ਤੰਦਰੁਸਤ ਪੰਜਾਬ ਮਿਸ਼ਨ ਸੂਬੇ ਵਿੱਚ ਕੀਟਨਾਸ਼ਕਾਂ/ਨਦੀਨਨਾਸ਼ਕਾਂ ਦੀ ਬੇਲੋੜੀ ਵਰਤੋਂ ਨੂੰ ਘਟਾਉਣ ਵਿੱਚ ਸਫ਼ਲ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਖੇਤੀਬਾੜੀ ਲਾਗਤ ਖ਼ਰਚੇ ਘਟਣ ਨਾਲ ਕਿਸਾਨਾਂ ਨੂੰ 355 ਕਰੋੜ ਰੁਪਏ ਦੀ ਬੱਚਤ ਹੋਈ ਹੈ। ਇਹ ਜਾਣਕਾਰੀ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਸ. ਕਾਹਨ ਸਿੰਘ ਪੰਨੂੰ ਨੇ ਦਿੱਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਪੰਨੂੰ ਨੇ ਦੱਸਿਆ ਕਿ ਸਾਉਣੀ 2018 ਦੌਰਾਨ ਕੀਟਨਾਸ਼ਕਾਂ ਦੀ ਔਸਤਨ ਖ਼ਪਤ 3838 ਮੀਟ੍ਰਿਕ ਟਨ (ਤਕਨੀਕੀ ਗ੍ਰੇਡ) ਹੋਈ ਸੀ ਜਿਸ ’ਤੇ 2000 ਕਰੋੜ ਰੁਪਏ ਤੋਂ ਜ਼ਿਆਦਾ ਖ਼ਰਚਾ ਆਇਆ। ਉਨ੍ਹਾਂ ਦੱਸਿਆ ਸਾਉਣੀ 2019 ਦੌਰਾਨ ਕੀਟਨਾਸ਼ਕਾਂ/ਨਦੀਨਨਾਸ਼ਕਾਂ ਦੀ ਵਰਤੋਂ ਵਿੱਚ 35 ਫੀਸਦੀ ਕਮੀ ਆਈ ਹੈ। ਇਸ ਵਿੱਚ ਨਦੀਨਨਾਸ਼ਕਾਂ ਅਤੇ ਉੱਲੀਮਾਰ ਦਵਾਈਆਂ ਦੀ ਵਰਤੋਂ ਵਿੱਚ ਆਈ ਕਮੀ ਵੀ ਦਰਜ ਹੈ। ਜੇਕਰ, ਇਕੱਲੇ ਨਦੀਨਨਾਸ਼ਕਾਂ ਦੀ ਵਰਤੋਂ ’ਤੇ ਝਾਤ ਮਾਰੀਏ ਤਾਂ ਉਨਾਂ ਦੀ ਵਰਤੋਂ ’ਚ 18 ਫੀਸਦੀ ਭਾਵ ਲਗਭਗ 675 ਮੀਟ੍ਰਿਕ ਟਨ (ਤਕਨੀਕੀ ਗ੍ਰੇਡ) ਦੀ ਕਮੀ ਦਰਜ ਕੀਤੀ ਗਈ।
ਸ. ਪੰਨੂੰ ਨੇ ਕਿਹਾ ਕਿ ਕੀਟਨਾਸ਼ਕਾਂ/ਨਦੀਨਨਾਸ਼ਕਾਂ ਦੀ ਵਰਤੋਂ ਵਿੱਚ ਕਮੀ ਆਉਣ ਨਾਲ ਕਿਸਾਨਾਂ ਦੇ ਬੇਲੋੜੇ ਲਾਗਤ ਖ਼ਰਚੇ ਘਟਣ ਨਾਲ 355 ਕਰੋੜ ਰੁਪਏ ਬਚੇ ਹਨ। ਇਸ ਪ੍ਰਾਪਤੀ ਦਾ ਸਿਹਰਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਕੀਤੀਆਂ ਜਾਗਰੂਕਤਾ ਪਹਿਲਕਦਮੀਆਂ ਸਿਰ ਬੰਨਦਿਆਂ ਪੰਨੂੰ ਨੇ ਦੱਸਿਆ ਕਿ ਕਿਸਾਨਾਂ ਨੂੰ ਕੀਟਨਾਸ਼ਕਾਂ ਦੀ ਬੇਲੋੜੀ ਵਰਤੋਂ ਨੂੰ ਰੋਕਣ ਪ੍ਰਤੀ ਜਾਗਰੂਕ ਕਰਨ ਲਈ ਸੂਬੇ ਵਿੱਚ ਹਰੇਕ ਜਗਾ ਜਾਗਰੂਕਤਾ ਕੈਂਪ/ਸੈਮੀਨਾਰ/ਵਰਕਸ਼ਾਪਾਂ ਲਗਾਈਆਂ ਗਈਆਂ।
ਉਨ੍ਹਾਂ ਕਿਹਾ ਕਿ ਨਰਮੇ ਅਤੇ ਬਾਸਮਤੀ ਝੋਨੇ ਦੀਆਂ ਫ਼ਸਲਾਂ ’ਤੇ ਕੀਟਨਾਸ਼ਕਾਂ ਦੀ ਵਰਤੋਂ ਨੂੰ ਘਟਾਉਣ ਲਈ ਖੇਤੀਬਾੜੀ ਵਿਭਾਗ ਵੱਲੋਂ ਵਿਸ਼ੇਸ਼ ਧਿਆਨ ਦਿੱਤਾ ਗਿਆ। ਉਨਾਂ ਕਿਹਾ ਕਿ ਖੇਤੀਬਾੜੀ ਰਸਾਇਣਾਂ ਦੀ ਬੇਲੋੜੀ ਵਰਤੋਂ ਨੂੰ ਘਟਾਉਣ ਲਈ ਇੱਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ ਜਿਸ ਵਿੱਚ ਕਿਸਾਨਾਂ ਲਈ ਕੇਵਲ ਉੱਚ ਮਿਆਰੀ ਰਸਾਇਣਾਂ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣ ’ਤੇ ਹੀ ਜ਼ੋਰ ਦਿੱਤਾ ਗਿਆ ਅਤੇ ਘਟੀਆ ਦਰਜੇ ਦੇ ਅਤੇ ਨਕਲੀ ਖੇਤੀਬਾੜੀ ਰਸਾਇਣਾਂ ਦੇ ਖ਼ਾਤਮੇ ਲਈ ਜ਼ੋਰਦਾਰ ਮੁਹਿੰਮ ਚਲਾਈ ਗਈ। ਇਸ ਤੋਂ ਇਲਾਵਾ ਖੇਤੀਬਾੜੀ ਰਸਾਇਣਾਂ ਦੇ ਮਿਆਰ ਨੂੰ ਵਾਚਣ ਲਈ ਸਮੇਂ ਸਮੇਂ ’ਤੇ ਉਨਾਂ ਦੇ ਨਮੂਨੇ ਲਏ ਗਏ। ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਨੇ ਕਿਹਾ ਕਿ ਸਾਉਣੀ 2019 ਦੌਰਾਨ 2 ਲੱਖ ਟਨ ਤੱਕ ਯੂਰੀਆ ਖਾਦ ਦੀ ਵਰਤੋਂ ਘਟਣ ਨਾਲ ਕੀੜਿਆਂ ਦੀ ਪੈਦਾਵਾਰ ’ਚ ਕਮੀ ਆਈ ਹੈ ਜਿਸ ਦੇ ਚਲਦਿਆਂ ਕੀਟਨਾਸ਼ਕਾਂ ਦੀ ਵਰਤੋਂ ਕਾਫ਼ੀ ਹੱਦ ਤੱਕ ਘਟੀ ਹੈ।