ਚੰਡੀਗੜ੍ਹ: ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਚੁਣੌਤੀ ਦਿੱਤੀ ਕਿ ਉਹ ਅਕਾਲੀ ਦਲ ਦੇ 10 ਸਾਲਾਂ ਦੇ ਰਾਜ ਵਿੱਚ ਡੇਰਾ ਬਾਬਾ ਨਾਨਕ ਲਈ ਕੀਤਾ ਇਕ ਵੀ ਕੰਮ ਗਿਣਵਾ ਕੇ ਦਿਖਾਉਣ। ਰੰਧਾਵਾ ਨੇ ਇਹ ਗੱਲ ਅਕਾਲੀ ਆਗੂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਡੇਰਾ ਬਾਬਾ ਨਾਨਕ ਫੇਰੀ ਬਾਰੇ ਕੀਤੀਆਂ ਟਿੱਪਣੀਆਂ ਦੇ ਜਵਾਬ ਵਿੱਚ ਕਹੀ।
ਰੰਧਾਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਏ ਜਾਣ ਵਾਲੇ ਸਮਾਗਮਾਂ ਨੂੰ ਯਾਦਗਾਰੀ ਬਣਾਉਣ ਅਤੇ ਗੁਰੂ ਸਾਹਿਬ ਨਾਲ ਸਬੰਧਤ ਇਤਿਹਾਸਕ ਥਾਂਵਾਂ ਦੇ ਸੁੰਦਰੀਕਰਨ ਅਤੇ ਵਿਕਾਸ ਕਾਰਜਾਂ ਦੇ ਕੰਮ ਦਾ ਜਾਇਜ਼ਾ ਲੈਣ ਦੇ ਸਿਲਸਿਲੇ ਵਜੋਂ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਤਿਹਾਸਕ ਕਸਬੇ ਡੇਰਾ ਬਾਬਾ ਨਾਨਕ ਵਿਖੇ ਪੰਜਾਬ ਕੈਬਨਿਟ ਦੀ ਮੀਟਿੰਗ ਰੱਖੀ ਸੀ ਜਿਸ ਨਾਲ ਪੂਰੇ ਹਲਕੇ ਵਿੱਚ ਖੁਸ਼ੀ ਤੇ ਉਤਸ਼ਾਹ ਦਾ ਮਾਹੌਲ ਹੈ।
ਕਾਂਗਰਸੀ ਆਗੂ ਨੇ ਅਕਾਲੀ ਆਗੂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਸਿਆਸੀ ਰੋਟੀ ਸੇਕਣ ਲਈ ਸੌੜੇ ਰਾਜਸੀ ਹਿੱਤਾਂ ਤੋਂ ਪ੍ਰੇਰਿਤ ਟਿੱਪਣੀਆਂ ਕਰਨ ਦੀ ਬਜਾਏ ਆਪਣੀ ਸਰਕਾਰ ਵੱਲੋਂ ਡੇਰਾ ਬਾਬਾ ਨਾਨਕ ਵਿਖੇ ਕੀਤੇ ਕੰਮਾਂ ਨੂੰ ਗਿਣਾਵੇ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ ਡੇਰਾ ਬਾਬਾ ਨਾਨਕ ਵਿਖੇ ਸੜਕਾਂ ਦੀ ਮਜ਼ਬੂਤੀ ਅਤੇ ਚੌੜਾ ਕਰਨ ਲਈ 75.23 ਕਰੋੜ ਰੁਪਏ ਅਤੇ ਹੈਰੀਟੇਜ ਸਟਰੀਟ ਤੇ ਫੂਡ ਸਟਰੀਟ ਦੀ ਉਸਾਰੀ ਲਈ 3.70 ਕਰੋੜ ਰੁਪਏ ਮਨਜ਼ੂਰ ਕੀਤੇ। ਉਨ੍ਹਾਂ ਕਿਹਾ ਕਿ ਇਸ ਨਗਰ ਦੇ ਸਰਵਪੱਖੀ ਵਿਕਾਸ ਲਈ ਸੂਬਾ ਸਰਕਾਰ ਵੱਲੋਂ ਡੇਰਾ ਬਾਬਾ ਨਾਨਕ ਵਿਕਾਸ ਅਥਾਰਟੀ ਬਣਾਈ ਹੋਈ ਹੈ ਜਿਸ ਦੀ ਮੀਟਿੰਗ ਖੁਦ ਮੁੱਖ ਮੰਤਰੀ ਲੈ ਕੇ ਕੰਮਾਂ ਦਾ ਜਾਇਜ਼ਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਇਸ ਹਲਕੇ ਦੇ ਇਤਿਹਾਸਕ ਕਸਬੇ ਕਲਾਨੌਰ ਨੂੰ ਕਾਂਗਰਸ ਸਰਕਾਰ ਨੇ ਸੈਰ ਸਪਾਟਾ ਸਰਕਟ ਅਧੀਨ ਲਿਆਂਦਾ। ਕਲਾਨੌਰ ਵਿਖੇ ਸਰਕਾਰੀ ਡਿਗਰੀ ਕਾਲਜ ਤੇ ਗੰਨਾ ਖੋਜ ਕੇਂਦਰ ਬਣਾਉਣ ਦਾ ਫੈਸਲਾ ਕੀਤਾ ਗਿਆ।
ਰੰਧਾਵਾ ਨੇ ਕਿਹਾ ਕਿ ਅਕਾਲੀ ਆਗੂ ਸਾਡੀ ਸਰਕਾਰ ਉਪਰ ਉਂਗਲ ਚੁੱਕਣ ਤੋਂ ਪਹਿਲਾਂ ਆਪਣੀ ਪੀੜੀ ਹੇਠ ਸੋਟਾ ਫੇਰਨ।ਉਨ੍ਹਾਂ ਕਿਹਾ ਕਿ ਕੇਂਦਰੀ ਪ੍ਰਾਜੈਕਟਾਂ ਨਾਲ ਚੱਲਦੀਆਂ 108 ਨੰਬਰ ਐਬੂਲੈਂਸ ਉਪਰ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਤਸਵੀਰਾਂ ਲਗਾਉਣ ਵਾਲੇ ਅੱਜ ਅਕਾਲੀ ਆਗੂ ਕਿਹੜੇ ਮੂੰਹ ਨਾਲ ਗੱਲ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਅਕਾਲੀਆਂ ਦੇ ਰਾਜ ਵਿੱਚ ਸੂਬੇ ਦੇ ਲੋਕ ਸੁਖਬੀਰ ਸਿੰਘ ਬਾਦਲ ਦੀਆਂ ‘ਬੰਬ ਵਾਲੀਆਂ ਸੜਕਾਂ’ ਦੇ ਵਿਸ਼ੇਸਣ ਨਾਲ ਕੀਤੇ ਕੌਮੀ ਮਾਰਗਾਂ ਦੇ ਗੁਣਗਾਨ ਤੋਂ ਬੁਰੀ ਤਰਾਂ ਅੱਕ ਗਏ ਸਨ ਜਦੋਂ ਕਿ ਸਭ ਨੂੰ ਪਤਾ ਸੀ ਕਿ ਕੇਂਦਰੀ ਮੰਤਰਾਲੇ ਵੱਲੋਂ ਕੌਮੀ ਮਾਰਗ ਬਣਾਏ ਜਾਂਦੇ ਹਨ। ਬਠਿੰਡਾ ਵਿਖੇ ਉਸ ਵੇਲੇ ਦੇ ਯੂ.ਪੀ.ਏ. ਸਰਕਾਰ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਿੱਤੇ ਰਿਫਾਇਨਰੀ ਦੇ ਤੋਹਫੇ ਨੂੰ ਆਪਣੀ ਪ੍ਰਾਪਤੀ ਗਿਣਵਾਉਣ ਲਈ ਬਾਦਲ ਪਿਉ-ਪੁੱਤਰ ਨੇ ਟਿੱਲ ਦਾ ਜ਼ੋਰ ਲਾਇਆ। ਰੰਧਾਵਾ ਨੇ ਕਿਹਾ ਕਿ ਅਕਾਲੀਆਂ ਨੂੰ ਸੂਬੇ ਦੇ ਲੋਕ ਪੂਰੀ ਤਰਾਂ ਨਕਾਰ ਚੁੱਕੇ ਹਨ ਅਤੇ ਹੁਣ ਉਹ ਬੇਤੁਕੇ ਤੇ ਤੱਥ ਰਹਿਤ ਬਿਆਨ ਦੇ ਕੇ ਆਪਣੀ ਹੋਂਦ ਦਰਸਾਉਣ ਦੇ ਕੋਝੇ ਤੇ ਅਸਫਲ ਯਤਨ ਕਰ ਰਹੇ ਹਨ। ਉਨਾਂ ਕਿਹਾ ਕਿ ਪੰਥਕ ਅਖਵਾਉਣ ਵਾਲੇ ਅਕਾਲੀ ਦਲ ਨੇ ਜਿਵੇਂ ਸਿੱਖ ਹਿੱਤਾਂ ਨੂੰ ਤਿਲਾਂਜਲੀ ਦਿੱਤੀ ਉਸ ਲਈ ਸਿੱਖ ਕੌਮ ਵੀ ਉਨ੍ਹਾਂ ਨੂੰ ਕਦੇ ਮੁਆਫ ਨਹੀਂ ਕਰੇਗੀ।
ਉਨ੍ਹਾਂ ਦੂਜੇ ਪਾਸ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਪਹਿਲਾਂ ਸੁਲਤਾਨਪੁਰ ਲੋਧੀ ਤੇ ਕੱਲ ਡੇਰਾ ਬਾਬਾ ਨਾਨਕ ਵਿਖੇ ਕੈਬਨਿਟ ਦੀ ਮੀਟਿੰਗ ਸੱਦ ਕੇ ਆਪਣੀ ਵਚਨਬੱਧਤਾ ਅਤੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਮਨਾਉਣ ਲਈ ਪ੍ਰਤੀਬੱਧਤਾ ਜ਼ਾਹਰ ਕੀਤੀ। ਹੁਣ ਅਗਲੀ ਕੈਬਨਿਟ ਮੀਟਿੰਗ ਬਟਾਲਾ ਵਿਖੇ ਸੱਦੀ ਗਈ ਹੈ। ਇਹ ਤਿੰਨੋਂ ਨਗਰ ਪਹਿਲੀ ਪਾਤਸ਼ਾਹੀ ਨਾਲ ਸਬੰਧਤ ਹਨ।