ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਖੇਤੀ ਬਿੱਲਾਂ 'ਤੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਜਦੋਂ ਤੱਕ ਖੇਤੀਬਾੜੀ ਆਰਡੀਨੈਂਸ ਰੱਦ ਨਹੀਂ ਹੁੰਦੇ, ਉਦੋਂ ਤੱਕ ਕੇਂਦਰ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਾਵੇਗੀ।
ਸੁਖਬੀਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਅਤੇ ਕਿਸਾਨ ਹਿੱਤਾਂ ਦੀ ਰਾਖੀ ਲਈ ਉਨ੍ਹਾਂ ਦੀ ਪਾਰਟੀ ਹਰ ਸੰਘਰਸ਼ 'ਚ ਅੱਗੇ ਹੋ ਕੇ ਅਗਵਾਈ ਕਰੇਗੀ। ਬਾਦਲ ਨੇ ਕਿਹਾ ਕਿ ਉਹ ਹੁਣ ਪੰਜਾਬ ਜਾਣਗੇ, ਜਿੱਥੇ ਪਾਰਟੀ ਆਗੂ ਅਤੇ ਵਰਕਰ ਮੀਟਿੰਗ ਕਰਕੇ ਕਿਸਾਨ ਦੇ ਹਿੱਤ ਵਿੱਚ ਸੰਘਰਸ਼ ਸ਼ੁਰੂ ਕਰਨਗੇ।
ਇਸ ਦੇ ਨਾਲ ਹੀ ਪੱਤਰਕਾਰਾਂ ਵੱਲੋਂ ਕੇਂਦਰ ਨਾਲ ਗੱਲਬਾਤ ਕਰਨ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆ ਸੁਖਬੀਰ ਬਾਦਲ ਨੇ ਕਿਹਾ ਕਿ ਜਦੋਂ ਤੱਕ ਬਿੱਲ ਵਾਪਸ ਨਹੀਂ ਲਏ ਜਾਂਦੇ, ਉਦੋਂ ਤੱਕ ਕੇਂਦਰ ਨਾਲ ਕੋਈ ਗੱਲਬਾਤ ਨਹੀਂ ਹੋ ਸਕਦੀ।
ਸੂਤਰਾਂ ਅਨੁਸਾਰ ਸੁਖਬੀਰ ਬਾਦਲ ਨੇ ਸ਼ਨਿੱਚਰਵਾਰ ਨੂੰ ਵੀਡੀਓ ਕਾਨਫਰੰਸ ਜ਼ਰੀਏ ਪਾਰਟੀ ਨੇਤਾਵਾਂ ਨਾਲ ਮੀਟਿੰਗ ਕਰਕੇ ਅਗਲੀ ਰਣਨੀਤੀ ਬਣਾਉਣ ਦੀ ਯੋਜਨਾ ਵੀ ਬਣਾਈ ਹੈ।