ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਲਾਲਾਬਾਦ ਵਿਧਾਨ ਸਭਾ ਸੀਟ ਦੀ ਰਜਿਸਟਰੀ ਆਪਣੇ ਨਾਂ ਹੋਣ ਦੇ ਦਿੱਤੇ ਬਿਆਨ ਨੂੰ ਲੋਕਤੰਤਰ ਦਾ ਨਿਰਾਦਰ ਕਰਾਰ ਦਿੰਦਿਆਂ ਕਿਹਾ ਹੈ, ਕਿ ਦੇਸ਼ ਵਿੱਚ ਲੋਕਤੰਤਰ ਹੈ, ਅਤੇ ਲੋਕ ਵੋਟਾਂ ਨਾਲ ਆਪਣਾ ਨੁਮਾਇੰਦਾ ਚੁਣਦੇ ਹਨ।
ਅਕਾਲੀ ਦਲ ਦੇ ਪ੍ਰਧਾਨ ਵੱਲੋਂ ਇਹ ਕਹੇ ਜਾਣ ਕਿ ਜਲਾਲਾਬਾਦ ਦੀ ਰਜਿਸਟਰੀ ਅਤੇ ਗਿਰਦਾਵਰੀ ਦੋਨੋਂ ਉਸ ਦੇ ਨਾਂਅ ਹਨ, ਅਤੇ ਉਸ ਵੱਲੋਂ ਇਹ ਸੀਟ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਢਾਈ ਸਾਲ ਲਈ ਠੇਕੇ ਉੱਤੇ ਦਿੱਤੀ ਹੈ, ਦਾ ਕਰਾਰਾ ਜਵਾਬ ਦਿੰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਇਹ ਸੀਟ ਕੋਈ ਐਸ.ਜੀ.ਪੀ.ਸੀ. ਦੀ ਪ੍ਰਧਾਨਗੀ ਨਹੀਂ ਹੈ, ਜੋ ਜੇਤੂ ਦਾ ਨਾਂ ਸੁਖਬੀਰ ਸਿੰਘ ਬਾਦਲ ਦੀ ਜੇਬ ਵਿੱਚੋਂ ਨਿਕਲੇਗਾ ਸਗੋਂ ਇੱਥੋਂ ਕਿਸ ਨੇ ਵਿਧਾਇਕ ਬਣਨਾ ਹੈ ਇਸ ਦਾ ਫ਼ੈਸਲਾ ਇੱਥੋਂ ਦੇ ਸੂਝਵਾਨ ਵੋਟਰ ਆਪਣੇ ਵੋਟ ਹੱਕ ਨਾਲ ਕਰਨਗੇ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਰਮਿੰਦਰ ਆਂਵਲਾ ਵੱਡੇ ਫ਼ਰਕ ਨਾਲ ਇੱਥੋਂ ਜੇਤੂ ਰਹਿਣਗੇ। ਜਾਖੜ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਪਿੱਛਲੇ ਢਾਈ ਸਾਲ ਵਿੱਚ ਸਮਾਜ ਦੇ ਹਰ ਵਰਗ ਦਾ ਧਿਆਨ ਰੱਖ ਕੇ ਯੋਜਨਾਵਾਂ ਬਣਾਈਆਂ ਹਨ, ਅਤੇ ਵਿਕਾਸ ਨੂੰ ਵੀ ਮੁੜ ਲੀਂਹ 'ਤੇ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਚਾਰੋਂ ਵਿਧਾਨ ਸਭਾ ਸੀਟਾਂ ਕਾਂਗਰਸ ਨੂੰ ਦੇਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਮਜ਼ਬੂਤ ਕਰਨਗੇ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਦਲ ਦੇ 10 ਸਾਲ ਦੇ ਉਸ ਭੈੜੇ ਰਾਜ ਨੂੰ ਹਾਲੇ ਭੁੱਲੇ ਨਹੀਂ ਹਨ। ਜਿਸ ਰਾਜ ਦੌਰਾਨ ਸੂਬੇ ਦੇ ਜਵਾਨੀ ਨੂੰ ਚਿੱਟੇ ਨੇ ਨਿਗਲ ਲਿਆ ਸੀ, ਅਤੇ ਰਾਜ ਦੀ ਆਰਥਿਕਤਾ ਆਪਣੇ ਸਭ ਤੋਂ ਕਾਲੇ ਦੌਰ ਵਿਚ ਪੁੱਜ ਗਈ ਸੀ। ਇਸ ਮੌਕੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ, ਕਾਂਗਰਸ ਜ਼ਿਲ੍ਹਾ ਪ੍ਰਧਾਨ ਰੰਜਮ ਕਾਮਰਾ ਆਦਿ ਵੀ ਹਾਜ਼ਰ ਸਨ।