ਚੰਡੀਗੜ੍ਹ: ਸੂਬਾ ਕਾਂਗਰਸ ਦੀ ਚੋਣ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਲਾਲ ਸਿੰਘ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਨਿੱਜੀ ਵਿਚਾਰਾਂ ਨੂੰ ਇਸ ਤਰ੍ਹਾਂ ਚੋਣਾਂ ਮੌਕੇ ਜਨਤਕ ਤੌਰ 'ਤੇ ਨਹੀਂ ਪ੍ਰਗਟਾਉਣਾ ਚਾਹੀਦਾ ਸੀ, ਕਿਉਂਕਿ ਇਹ ਬੇਲੋੜੀ ਗ਼ਲਤਫ਼ਹਿਮੀ ਪੈਦਾ ਕਰਦੇ ਹਨ ਅਤੇ ਅਜਿਹੇ ਨਾਜ਼ੁਕ ਸਮੇਂ ਵਿੱਚ ਪਾਰਟੀ ਦਾ ਮਾੜਾ ਪ੍ਰਭਾਵ ਛੱਡਦੇ ਹਨ। ਆਪਣਾ ਪ੍ਰਤੀਕਰਮ ਦਿੰਦਿਆਂ ਉਨ੍ਹਾਂ ਕਿਹਾ ਕਿ ਸਿੱਧੂ ਦੇ ਬਿਆਨ ਵੀ ਗ਼ਲਤ ਸਨ ਅਤੇ ਉਨ੍ਹਾਂ ਦਾ ਸਮਾਂ ਵੀ ਗ਼ਲਤ ਸੀ।
ਲਾਲ ਸਿੰਘ ਨੇ ਅਫਸੋਸ ਜ਼ਾਹਿਰ ਕੀਤਾ ਕਿ ਸਿੱਧੂ ਦੀ ਗਲਤ ਸਮੇਂ 'ਤੇ ਬਿਆਨਬਾਜ਼ੀ ਕਾਰਨ ਪਾਰਟੀ ਦੇ' ਮਿਸ਼ਨ 13 ਨੂੰ ਨੁਕਸਾਨ ਪਹੁੰਚਾਉਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਜੇ ਪਾਰਟੀ ਆਪਣੇ ਮਿਸ਼ਨ 13 ਦੇ ਅੰਕੜੇ ਤੋਂ ਖੂੰਝਦੀ ਹੈ ਤਾਂ ਇਸ ਦਾ ਕਾਰਨ ਸਿੱਧੂ ਦੀ ਬਿਆਨਬਾਜ਼ੀ ਹੋਵੇਗੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਾਲ ਸਿੰਘ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਕਾਂਗਰਸ ਵਿੱਚ ਆਏ ਹਾਲੇ 27 ਮਹੀਨੇ ਹੋਏ ਹਨ ਅਤੇ ਇੰਨ੍ਹੇ ਘੱਟ ਸਮੇਂ ਵਿੱਚ ਹੀ ਉਨ੍ਹਾਂ ਨੂੰ ਵਿਸ਼ੇਸ਼ ਅਧਿਕਾਰ ਅਤੇ ਮਾਨ-ਸਨਮਾਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਪਾਰਟੀ ਨੇ ਟਿਕਟ ਆਫ਼ਰ ਕੀਤੀ ਸੀ ਅਤੇ ਮੰਤਰੀ ਦਾ ਅਹੁਦਾ ਵੀ ਦਿੱਤਾ ਗਿਆ ਸੀ। ਇਹ ਸਭ ਜ਼ਿੰਮੇਵਾਰੀ ਦੀ ਭਾਵਨਾ ਨਾਲ ਦਿੱਤੀਆਂ ਗਈਆਂ ਚੀਜ਼ਾਂ ਹਨ ਅਤੇ ਸਿੱਧੂ ਨੂੰ ਇਸ ਭਾਵਨਾ ਦਾ ਸਨਮਾਨ ਕਰਨਾ ਚਾਹੀਦਾ ਹੈ।