ਚੰਡੀਗੜ੍ਹ: ਪੰਜਾਬ ਅੰਦਰ ਨਸ਼ੇ ਦੇ ਘੁਣ ਨੇ ਆਪਣੇ ਪੈਰ ਚੰਗੀ ਤਰ੍ਹਾਂ ਜਮਾ ਲਏ ਹਨ। ਨਸ਼ੇ ਨੇ ਪੰਜਾਬ ਦੀ ਜਵਾਨੀ ਦੇ ਹੱਡ ਖੋਖਲੇ ਕਰ ਦਿੱਤੇ ਹਨ। ਇਸ ਸਮੱਸਿਆ ਦਾ ਹੱਲ ਕੱਢਣ ਲਈ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਜੰਗੀ ਪੱਧਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ।
ਪਰ ਹਾਲਾਤ ਹੁਣ ਕੁੱਝ ਇਸ ਤਰ੍ਹਾਂ ਦੇ ਹੋ ਗਏ ਹਨ ਕਿ ਲੋਕਾਂ ਖਿਲਾਫ਼ ਨਸ਼ੇ ਦੇ ਝੂਠੇ ਮਾਮਲੇ ਦਰਜ ਹੋਣ ਲੱਗ ਪਏ ਹਨ। ਕੁਝ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਐਸਟੀਐਫ ਵੱਲੋਂ ਸਨੇਟਾ ਦੇ ਥਾਣਾ ਇੰਚਾਰਜ ਸੁਖਮਿੰਦਰ ਸਿੰਘ 'ਤੇ ਪੈਸੇ ਲੈਣ ਦੇ ਦੋਸ਼ ਲਗਾਏ ਗਏ ਹਨ। ਐਸਟੀਐਫ ਵੱਲੋਂ ਝੂਠੇ ਕੇਸ ਬਣਾਉਣ ਦੇ ਆਰੋਪ 'ਚ ਸੁਖਮਿੰਦਰ ਸਿੰਘ ਨੂੰ ਕਾਬੂ ਕੀਤਾ ਗਿਆ ਹੈ।
ਅਸਲ 'ਚ 12 ਮਈ ਨੂੰ ਕੁੱਝ ਵਿਅਕਤੀ ਪੁਲਿਸ ਵੱਲੋਂ ਕਾਬੂ ਕੀਤੇ ਗਏ ਸਨ ਜਿਨ੍ਹਾਂ ਕੋਲੋਂ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥ ਮਿਲੇ ਸਨ। ਉਨ੍ਹਾਂ ਦਾ ਦਾਅਵਾ ਸੀ ਕਿ ਸੁਖਮਿੰਦਰ ਜੋ ਕਿ ਉਸ ਸਮੇਂ ਐਂਟੀ ਡਰੱਗ ਸੈੱਲ ਵਿੱਚ ਕੰਮ ਕਰ ਰਿਹਾ ਸੀ, ਉਸ ਵੱਲੋਂ ਚਾਰ ਜਣਿਆਂ ਤੋਂ ਸੱਤ ਲੱਖ ਦੀ ਫਿਰੋਤੀ ਲਈ ਗਈ ਸੀ। ਐਸਟੀਐਫ਼ ਨੇ ਇਸ ਜਾਣਕਾਰੀ ਦੇ ਆਧਾਰ 'ਤੇ ਇਨਕੁਆਰੀ ਮਾਰਕ ਕੀਤੀ ਅਤੇ ਮੌਜੂਦਾ ਹਾਲਾਤ ਵਿੱਚ ਸੁਖਮਿੰਦਰ ਨੂੰ ਥਾਣਾ ਸੈਨੇਟਾ ਤੋਂ ਕਾਬੂ ਕੀਤਾ ਗਿਆ।
ਮੋਹਾਲੀ ਦੇ ਸੁਰਿੰਦਰ ਸਿੰਘ ਨੇ ਸੁਖਮਿੰਦਰ 'ਤੇ ਆਰੋਪ ਲਾਏ ਕਿ ਸੁਖਮਿੰਦਰ ਸਿੰਘ ਵੱਲੋਂ ਉਸ ਦੇ ਭਰਾ 'ਤੇ ਨਸ਼ੇ ਦਾ ਝੂਠਾ ਕੇਸ ਬਣਾਇਆ ਗਿਆ ਸੀ। ਸੁਰਿੰਦਰ ਨਾਲ ਹੋਈ ਨਾਂਇੰਸਾਫ਼ੀ ਬਾਰੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ 26 ਜੁਲਾਈ ਨੂੰ ਥਾਣਾ ਇੰਚਾਰਜ ਸੁਖਮਿੰਦਰ ਨੇ ਉਨ੍ਹਾਂ ਦੇ ਘਰ ਵਿੱਚ ਬਿਨਾਂ ਵਾਰੰਟ ਦੇ ਜਬਰਨ ਤਲਾਸ਼ੀ ਲਈ ਅਤੇ ਤੋੜਭੰਨ ਕੀਤੀ। ਉਨ੍ਹਾਂ ਦੱਸਿਆ ਕਿ ਥਾਣਾ ਇੰਚਾਰਜ ਸੁਖਮਿੰਦਰ ਵੱਲੋਂ ਉਨ੍ਹਾਂ ਦੇ ਮਾਤਾ-ਪਿਤਾ ਨਾਲ ਕੁੱਟ ਮਾਰ ਵੀ ਕੀਤੀ ਗਈ।