ਚੰਡੀਗੜ੍ਹ: ਸ਼ਹਿਰ ਵਿੱਚ ਹੁਨਰ ਗੁੰਮ ਹੁੰਦਾ ਜਾ ਰਿਹਾ ਹੈ। ਇਸ ਦਾ ਕਾਰਨ ਜਾਂ ਤਾਂ ਗਰੀਬੀ ਬਣਦੀ ਹੈ, ਜਾਂ ਖਿਡਾਰੀਆਂ ਨੂੰ ਕਿਸੇ ਮਜ਼ਬੂਰੀ ਕਾਰਨ ਸਾਹਮਣੇ ਆਉਣ ਦਾ ਮੌਕਾ ਨਹੀਂ ਮਿਲਦਾ। ਫੀਲਡ ਹਾਕੀ ਦੇ ਚੁਣੇ ਗਏ ਪ੍ਰਧਾਨ ਸੀਮਾ ਕੇਪੀ ਸਿੰਘ ਨੇ ਕਿਹਾ ਕਿ ਛੁੱਪੇ ਹੋਏ ਹੁਨਰ ਨੂੰ ਬਾਹਰ ਕੱਢਣ ਦੀ ਜ਼ਰੂਰਤ ਹੈ ਜਿਸ ਲਈ ਉਹ ਖੁਦ ਜ਼ਮੀਨੀ ਪੱਧਰ ਉੱਤੇ ਕੰਮ ਕਰਨਗੇ।
ਕੇਪੀ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਟੀਮ ਨੂੰ ਤਿਆਰ ਕਰ ਲਿਆ ਹੈ ਅਤੇ ਚੰਡੀਗੜ੍ਹ ਓਲੰਪਿਕ ਐਸੋਸੀਏਸ਼ਨ ਨੂੰ ਰਜਿਸਟਰ ਵੀ ਕਰਵਾ ਰਹੇ ਹਨ। ਹੁਣ ਉਹ ਹਾਕੀ ਲਈ ਕੰਮ ਕਰਨਾ ਚਾਹੁੰਦੇ ਹਨ, ਜੋ ਕਿ ਸਾਡੀ ਕੌਮੀ ਖੇਡ ਹੈ। ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਵਿੱਚ ਸਾਬਕਾ ਖਿਡਾਰੀ, ਜੋ ਕਿ ਹਾਕੀ ਖੇਡ ਚੁੱਕੇ ਹਨ, ਉਹ ਸਭ ਕੋਚ ਬਣ ਕੇ ਬੱਚਿਆਂ ਨੂੰ ਆਪਣੇ ਹਾਕੀ ਸਬੰਧਤ ਟਿਪਸ ਦੇਣਗੇ ਅਤੇ ਹਾਕੀ ਵੀ ਸਿਖਾਉਣਗੇ।
ਉਨ੍ਹਾਂ ਕਿਹਾ ਕਿ ਟੈਲੇਂਟ ਨੂੰ ਮੌਕਾ ਦੇਣ ਦੀ ਜ਼ਰੂਰਤ ਹੈ, ਜਲਦ ਹੀ ਸ਼ਹਿਰ ਵਿੱਚ ਇੱਕ ਹਾਕੀ ਇਵੈਂਟ ਸ਼ੁਰੂ ਕੀਤਾ ਜਾਵੇਗਾ, ਜੋ ਕਿ ਮੁੰਡੇ ਅਤੇ ਕੁੜੀਆਂ ਵਾਸਤੇ 10 ਤੋਂ 14 ਸਾਲ ਦੀ ਕੈਟੇਗਰੀ ਲਈ ਹੋਵੇਗਾ। ਇਸ ਤੋਂ ਇਲਾਵਾ ਦੋਨੋਂ ਕੈਟੇਗਰੀਆਂ ਲਈ 6 ਏ ਸਾਈਡ ਹਾਕੀ ਟੂਰਨਾਮੈਂਟ ਵੀ ਕਰਵਾਏ ਜਾਣਗੇ, ਤਾਂ ਕਿ ਬੱਚੇ ਆਪਣਾ ਹੁਨਰ ਦਿਖਾ ਸਕਣ।
ਸੀਮਾ ਕੇਪੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਨਾਲ 50 ਤੋਂ ਵੱਧ ਅਜਿਹੇ ਲੋਕ ਹਨ, ਜੋ ਕਿ ਚੰਗੇ ਪੱਧਰ 'ਤੇ ਖੇਡੇ ਹਨ। ਹੁਣ ਉਹ ਬਾਕੀ ਬੱਚਿਆਂ ਨੂੰ ਹਾਕੀ ਸਿਖਾਉਣਾ ਚਾਹੁੰਦੇ ਹਨ। ਉਹ ਉਨ੍ਹਾਂ ਨੂੰ ਮੈਦਾਨ ਵਿੱਚ ਲੈ ਕੇ ਆਉਣਾ ਚਾਹੁੰਦੇ ਹਨ, ਤਾਂ ਕਿ ਉਨ੍ਹਾਂ ਨੂੰ ਚੰਗਾ ਰਸਤਾ ਮਿਲੇ। ਉਨ੍ਹਾਂ ਦੱਸਿਆ ਕਿ ਉਹ ਖਾਸ ਤੌਰ 'ਤੇ ਝੁੱਗੀ ਝੋਪੜੀਆਂ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਪ੍ਰੇਰਿਤ ਕਰਣਗੇ ਅਤੇ ਹਰ ਤਰੀਕੇ ਦੀ ਸਹੂਲੀਅਤ ਵੀ ਉਨ੍ਹਾਂ ਨੂੰ ਪ੍ਰਦਾਨ ਕਰਨਗੇ, ਤਾਂ ਕਿ ਉਨ੍ਹਾਂ ਵਿੱਚ ਲੁਕਿਆ ਖਿਡਾਰੀ ਦਾ ਹੁਨਰ ਸਾਰਿਆਂ ਦੇ ਸਾਹਮਣੇ ਆ ਸਕੇ।
ਇਹ ਵੀ ਪੜ੍ਹੋ: ਕੈਪਟਨ ਵੱਲੋਂ 2022 ਦੀਆਂ ਚੋਣਾਂ ਲੜਨ ਦਾ ਐਲਾਨ, ਸਿੱਧੂ 'ਤੇ ਵੀ ਦਿੱਤਾ ਵੱਡਾ ਬਿਆਨ