ਚੰਡੀਗੜ੍ਹ: 2000 ਦੇ ਨੋਟ ਨੇ ਸਭ ਨੂੰ ਘੁੰਮਣ ਘੇਰੀਆਂ 'ਚ ਪਾ ਰੱਖਿਆ ਹੈ। ਆਰਬੀਆਈ ਦੇ ਗਵਰਨਰ ਅਤੇ ਐਸਬੀਆਈ ਵੱਲੋਂ ਬਿਨ੍ਹਾਂ ਕਿਸੇ ਫਾਰਮ ਭਰਨ ਤੋਂ 2000 ਦੇ ਨੋਟ ਬਦਲਣ ਦਾ ਬਿਆਨ ਜਾਰੀ ਕੀਤਾ ਗਿਆ ਸੀ। ਜਿਸ ਦੇ ਬਾਵਜੂਦ ਵੀ ਇਹ ਚਰਚਾਵਾਂ ਚੱਲ ਰਹੀਆਂ ਹਨ ਕਿ ਬੈਂਕ 2000 ਦਾ ਨੋਟ ਬਦਲਣ ਲਈ ਫਾਰਮ ਭਰਵਾ ਰਹੇ ਹਨ। ਜ਼ਮੀਨੀ ਹਕੀਕਤ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਬੈਂਕਾਂ ਵਿੱਚ ਇਹ ਨੋਟ ਬਦਲਣ ਲਈ ਕੋਈ ਫਾਰਮ ਨਹੀਂ ਭਰਵਾਇਆ ਜਾ ਰਿਹਾ। ਸਟੇਟ ਬੈਂਕ ਆਫ ਇੰਡੀਆ ਨੇ ਵੀ ਇਸ ਉੱਤੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ।
ਸਟੇਟ ਬੈਂਕ ਆਫ ਇੰਡੀਆ ਨੇ ਕਿਹਾ ਹੈ ਕਿ 20,000 ਰੁਪਏ ਤੱਕ ਦੇ ਨੋਟ ਬਿਨਾਂ ਪਰੂਫ ਅਤੇ ਫਾਰਮ ਭਰਨ ਦੇ ਬਦਲੇ ਜਾ ਸਕਦੇ ਹਨ। ਇਹ ਸਪੱਸ਼ਟੀਕਰਨ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਅਫਵਾਹਾਂ ਤੋਂ ਬਾਅਦ ਸਾਹਮਣੇ ਆਇਆ ਹੈ, ਜਿਸ 'ਚ ਦਾਅਵਾ ਕੀਤਾ ਜਾ ਰਿਹਾ ਸੀ ਕਿ 2000 ਰੁਪਏ ਦੇ ਨੋਟ ਬਦਲਣ ਲਈ ਆਈਡੀ ਪਰੂਫ ਦਿਖਾਉਣ ਦੇ ਨਾਲ-ਨਾਲ ਆਧਾਰ ਕਾਰਡ, ਫਾਰਮ ਵੀ ਭਰਨਾ ਹੋਵੇਗਾ।
ਨੋਟ ਬਦਲਣ ਲਈ ਦਿੱਤਾ ਗਿਆ 30 ਸਤੰਬਰ ਤੱਕ ਦਾ ਸਮਾਂ : ਰਿਜ਼ਰਵ ਬੈਂਕ ਨੇ ਐਲਾਨ ਕੀਤਾ ਸੀ ਕਿ 2000 ਦੇ ਨੋਟ ਹੁਣ ਪੂਰੀ ਤਰ੍ਹਾਂ ਬੰਦ ਹੋ ਜਾਣਗੇ। ਹਾਲਾਂਕਿ ਰਿਜ਼ਰਵ ਬੈਂਕ ਨੇ ਨੋਟ ਬਦਲਣ ਲਈ 30 ਸਤੰਬਰ ਤੱਕ ਦਾ ਸਮਾਂ ਦਿੱਤਾ ਹੈ। ਇਸ ਸਮੇਂ ਦੌਰਾਨ ਲੋਕ ਬੈਂਕਾਂ ਵਿੱਚ ਜਾ ਕੇ ਆਪਣੇ 2000 ਦੇ ਨੋਟਾਂ ਨੂੰ ਹੋਰ ਕਰੰਸੀ ਨੋਟਾਂ ਨਾਲ ਬਦਲ ਸਕਦੇ ਹਨ। ਹੁਣ ਸਟੇਟ ਬੈਂਕ ਨੇ ਆਪਣੇ ਸਾਰੇ ਸਥਾਨਕ ਮੁੱਖ ਦਫਤਰਾਂ ਦੇ ਚੀਫ਼ ਜਨਰਲ ਮੈਨੇਜਰਾਂ ਨੂੰ ਭੇਜੀ ਸੂਚਨਾ ਵਿਚ ਦੱਸਿਆ ਹੈ ਕਿ 20,000 ਰੁਪਏ ਤੱਕ ਦੇ 2,000 ਰੁਪਏ ਦੇ ਨੋਟ ਬਿਨਾਂ ਕਿਸੇ ਆਈਡੀ ਪਰੂਫ਼ ਅਤੇ ਡਿਮਾਂਡ ਸਲਿੱਪ ਦੇ ਬਦਲੇ ਜਾ ਸਕਦੇ ਹਨ।
ਕੋਈ ਸੀਮਾ ਤੈਅ ਨਹੀਂ : ਦੱਸ ਦਈਏ ਕਿ ਰਿਜ਼ਰਵ ਬੈਂਕ ਨੇ ਦੋ ਹਜ਼ਾਰ ਦੇ ਨੋਟ ਬਦਲਣ ਦੀ ਕੋਈ ਸੀਮਾ ਤੈਅ ਨਾ ਕਰਨ ਦਾ ਦਾਅਵਾ ਕੀਤਾ ਹੈ, ਪਰ ਇਹ ਗਾਹਕਾਂ ਦੇ ਕੇਵਾਈਸੀ ਅਤੇ ਹੋਰ ਕਾਨੂੰਨੀ ਨਿਯਮਾਂ 'ਤੇ ਨਿਰਭਰ ਕਰੇਗਾ। 20 ਮਈ ਨੂੰ ਭੇਜੀ ਗਈ ਸੂਚਨਾ 'ਚ ਸਟੇਟ ਬੈਂਕ ਆਫ ਇੰਡੀਆ ਨੇ ਕਿਹਾ ਹੈ ਕਿ 2,000 ਰੁਪਏ ਦੇ ਨੋਟਾਂ ਨੂੰ ਬਦਲਣ ਲਈ ਕਿਸੇ ਵੀ ਪਛਾਣ ਪੱਤਰ ਦੀ ਲੋੜ ਨਹੀਂ ਹੋਵੇਗੀ। ਬੈਂਕ ਨੇ ਆਪਣੇ ਅਧਿਕਾਰੀਆਂ ਨੂੰ ਜਨਤਾ ਨਾਲ ਸਹਿਯੋਗ ਕਰਨ ਲਈ ਕਿਹਾ ਹੈ ਤਾਂ ਜੋ 2,000 ਰੁਪਏ ਦੇ ਨੋਟਾਂ ਨੂੰ ਬਦਲਣ ਦੀ ਪੂਰੀ ਪ੍ਰਕਿਰਿਆ ਬਿਨਾਂ ਕਿਸੇ ਪਰੇਸ਼ਾਨੀ ਅਤੇ ਆਸਾਨੀ ਨਾਲ ਪੂਰੀ ਕੀਤੀ ਜਾ ਸਕੇ। ਹਾਲਾਂਕਿ ਨੋਟ ਬਦਲਣ ਦੀ ਪ੍ਰਕਿਰਿਆ 23 ਮਈ ਤੋਂ ਸ਼ੁਰੂ ਹੋਣੀ ਸੀ ਪਰ ਕੁਝ ਲੋਕ ਸ਼ਨੀਵਾਰ ਨੂੰ ਹੀ ਬੈਂਕ ਪਹੁੰਚ ਗਏ। ਐਸਬੀਆਈ ਨੇ ਦੱਸਿਆ ਕਿ ਅਜਿਹੇ ਲੋਕਾਂ ਨੂੰ ਸਮਝਾਉਣ ਤੋਂ ਬਾਅਦ ਵਾਪਸ ਭੇਜ ਦਿੱਤਾ ਗਿਆ ਕਿ 23 ਮਈ ਤੋਂ ਪਹਿਲਾਂ ਨੋਟ ਬਦਲੇ ਨਹੀਂ ਜਾਣਗੇ। ਇਕ ਦਮ 2000 ਦਾ ਨੋਟ ਬੰਦ ਹੋਣ ਤੋਂ ਬਾਅਦ ਬਜ਼ਾਰ ਵਿੱਚ ਹੁਣ ਇਹ ਨੋਟ ਲੈਣ ਤੋਂ ਲੋਕ ਅਤੇ ਦੁਕਾਨਦਾਰ ਨਾਂਹ ਕਰ ਰਹੇ ਹਨ।