ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਘਰ-ਘਰ ਰੁਜ਼ਗਾਰ ਤਹਿਤ ਵੀਰਵਾਰ ਨੂੰ ਸੂਬੇ ਦੇ ਵੱਖ-ਵੱਖ ਖਿੱਤਿਆਂ 'ਚ ਰੁਜ਼ਗਾਰ ਮੇਲੇ ਲਗਾਏ ਗਏ। ਇਸੇ ਤਹਿਤ ਮਲੇਰਕੋਟਲਾ ਅਤੇ ਤਰਨ ਤਾਰਨ 'ਚ ਰੁਜ਼ਗਾਰ ਮੇਲਾ ਲਗਾਇਆ ਗਿਆ। ਇਸ ਮੇਲੇ 'ਚ ਪਿੰਡਾਂ ਅਤੇ ਸ਼ਹਿਰਾਂ ਤੋਂ ਆਏ ਨੌਜਵਾਨ ਕੁੜੀਆਂ ਅਤੇ ਮੁੰਡਿਆਂ ਨੇ ਹਿੱਸਾ ਲਿਆ।
ਇੱਕ ਪਾਸੇ ਜਿੱਥੇ ਮਲੇਰਕੋਟਲਾ 'ਚ ਲੱਗੇ ਰੁਜ਼ਗਾਰ ਮੇਲੇ 'ਚ ਨੌਜਵਾਨ ਕੁੜੀਆਂ ਅਤੇ ਮੁੰਡਿਆਂ 'ਚ ਉਤਸ਼ਾਹ ਵੇਖਣ ਨੂੰ ਮਿਲਿਆ ਉੱਥੇ ਹੀ ਤਰਨ ਤਾਰਨ 'ਚ ਲੱਗੇ ਰੁਜ਼ਗਾਰ ਮੇਲੇ 'ਚ ਨੌਕਰੀ ਲੈਣ ਆਏ ਬੇਰੁਜ਼ਗਾਰ ਮੁੰਡੇ-ਕੁੜੀਆਂ ਨੂੰ ਨਿਰਾਸ਼ ਹੋ ਕੇ ਵਾਪਸ ਪਰਤਣਾ ਪਿਆ।
ਨੌਜਵਾਨਾਂ ਨੇ ਤਰਨਤਾਰਨ 'ਚ ਲੱਗੇ ਰੁਜ਼ਗਾਰ ਮੇਲਿਆਂ ਨੂੰ ਪੂਰੀ ਤਰ੍ਹਾਂ ਫ਼ਲਾਪ ਦੱਸਿਆ। ਇਸ ਮੋਕੇ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ 'ਤੇ ਨਿੱਜੀ ਕੰਪਨੀਆਂ ਨੂੰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਸੱਦਿਆ ਗਿਆ। ਨਿੱਜੀ ਕੰਪਨੀਆਂ ਦੇ ਨੁਮਇੰਦਿਆਂ ਵੱਲੋਂ ਨੌਜਵਾਨਾਂ ਦੀ ਇੰਟਰਵਿਊ ਲਈ ਗਈ ਅਤੇ ਉਨ੍ਹਾਂ ਦੇ ਫੋਨ ਨੰਬਰ ਲੈ ਕੇ ਘਰ ਜਾਣ ਲਈ ਬੋਲ ਦਿੱਤਾ ਗਿਆ।
ਨੌਜਵਾਨਾਂ ਨੇ ਦੱਸਿਆਂ ਕਿ ਪਹਿਲਾਂ ਤਾਂ ਉਨ੍ਹਾਂ ਨੂੰ ਨੌਕਰੀ ਹਾਸਲ ਕਰਨ ਲਈ ਫ਼ਾਰਮ ਹੀ ਨਹੀਂ ਮਿਲ ਰਹੇ ਹਨ ਜੇਕਰ ਮਿਲੇ ਵੀ ਹਨ ਤਾਂ ਇੰਟਰਵਿਊ ਲੈ ਕੇ ਉਨ੍ਹਾਂ ਨੂੰ ਘਰ ਤੋਰ ਦਿੱਤਾ ਗਿਆ। ਅਗਰ ਕਿਸੇ ਨੂੰ ਕੰਪਨੀਆਂ ਵਾਲੇ ਸਲੈਕਟ ਵੀ ਕਰਦੇ ਹਨ ਤਾਂ ਉਨ੍ਹਾਂ ਨੂੰ ਘੱਟ ਤਨਖ਼ਾਹ ਤੇ ਦੂਰ ਦੇ ਸ਼ਟੇਸ਼ਨ 'ਤੇ ਭੇਜਣ ਲਈ ਕਿਹਾ ਜਾਂਦਾ ਹੈ ਜਿਸ ਨਾਲ ਉਨ੍ਹਾਂ ਦਾ ਖ਼ਰਚ ਵੀ ਪੂਰਾ ਨਹੀਂ ਹੁੰਦਾ।
ਮੌਕੇ 'ਤੇ ਮਿਲੇ ਜ਼ਿਲ੍ਹਾ ਰੁਜ਼ਗਾਰ ਅਫ਼ਸਰ ਪ੍ਰਭਜੋਤ ਸਿੰਘ ਨੇ ਦੱਸਿਆਂ ਕਿ ਨੌਕਰੀ ਹਾਸਲ ਕਰਨ ਪੁੱਜੇ ਨੌਜਵਾਨਾਂ ਨੂੰ ਜੋ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ ਉਹ ਮੌਸਮ ਦੀ ਖ਼ਰਾਬੀ ਕਾਰਨ ਹੋਇਆ ਹੈ ਬਾਕੀ ਸਭ ਕੁਝ ਠੀਕ ਚੱਲ ਰਿਹਾ ਹੈ। ਉਨ੍ਹਾਂ ਨੂੰ ਜਦੋਂ ਕੁਝ ਕੰਪਨੀਆਂ ਦੇ ਨਾ ਆਉਣ ਬਾਰੇ ਪੁੱਛਿਆਂ ਤਾਂ ਉਨ੍ਹਾਂ ਕਿਹਾ ਕਿ ਕਾਫ਼ੀ ਕੰਪਨੀਆਂ ਆਈਆਂ ਹਨ ਤੇ ਜੋ ਨਹੀਂ ਆਈਆਂ ਉਹ ਮੌਸਮ ਦੀ ਖ਼ਰਾਬੀ ਕਾਰਨ ਨਹੀ ਪਹੁੰਚੀਆਂ।