ਚੰਡੀਗੜ੍ਹ : ਚੰਡੀਗੜ ਵਿਚ ਵੀ ਇਨਵੈਸਟਮੈਂਟ ਮੀਟ ਸਬੰਧੀ ਰੋਡ ਸ਼ੋਅ ਕਰਵਾਇਆ ਗਿਆ, ਜਿਸਦੇ ਵਿਚ ਉੱਤਰ ਪ੍ਰਦੇਸ਼ ਸਰਕਾਰ ਦੇ 3 ਮੰਤਰੀਆਂ ਨੇ ਸ਼ਿਰਕਤ ਕੀਤੀ ਅਤੇ ਆਪਣੇ ਸੂਬੇ ਵਿੱਚ ਨਿਵੇਸ਼ ਅਤੇ ਸੁਰੱਖਿਆ ਦੇ ਮੁੱਦੇ ਉੱਤੇ ਵਿਚਾਰ ਰੱਖੇ ਹਨ। ਯੂਪੀ ਸਰਕਾਰ ਪੰਜਾਬ ਦੇ ਉਦਯੋਗਪਤੀਆਂ ਵਿਚ ਖਾਸ ਦਿਲਚਸਪੀ ਵਿਖਾ ਰਹੀ ਹੈ ਕਿ ਉਹ ਯੂਪੀ ਵਿਚ ਜਾ ਕੇ ਨਿਵੇਸ਼ ਕਰਨ ਇਸਦੇ ਲਈ ਕਈ ਸੱਦੇ ਵੀ ਦਿੱਤੇ ਗਏ ਹਨ। ਉੱਤਰ ਪ੍ਰਦੇਸ਼ ਦੇ ਖੇਤੀਬਾੜੀ ਮੰਤਰੀ ਬਲਦੇਵ ਸਿੰਘ ਔਲਖ ਨਾਲ ਈਟੀਵੀ ਭਾਰਤ ਵੱਲੋਂ ਖਾਸ ਗੱਲਬਾਤ ਕੀਤੀ ਗਈ।ਉਹਨਾਂ ਇਸ ਇਨਵੈਸਟਮੈਨਟ ਰੋਡ ਸ਼ੋਅ ਬਾਰੇ ਖਾਸ ਤੌਰ 'ਤੇ ਦੱਸਿਆ ਕਿ ਇਸਦਾ ਮਕਸਦ ਕੀ ਹੈ ?
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਉੱਤਰ ਪ੍ਰਦੇਸ਼ ਦੇ ਖੇਤੀਬਾੜੀ ਮੰਤਰੀ ਬਲਦੇਵ ਸਿੰਘ ਔਲਖ ਨੇ ਦੱਸਿਆ ਕਿ ਯੂਪੀ ਵਿਚ 10 ਤੋਂ 12 ਫਰਵਰੀ ਤੱਕ ਗਲੋਬਲ ਇਨਵੈਸਟਰ ਸਮਿਟ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਵੱਡੇ ਪੱਧਰ 'ਤੇ ਵਪਾਰਕ ਐਮਓਯੂ ਸਾਈਨ ਕੀਤੇ ਜਾਣਗੇ।ਜਿਸਦਾ ਸੱਦਾ ਦੇਣ ਲਈ ਅੱਜ ਚੰਡੀਗੜ ਵਿਚ ਇਨਵੈਸਟਰ ਰੋਡ ਸ਼ੋਅ ਕਰਵਾਇਆ ਗਿਆ ਹੈ।ਯੂਪੀ ਦੇ ਵਿਚ ਵੱਡੀ ਇਨਵੈਸਟਮੈਂਟ ਕਰਨ ਲਈ ਸਾਰੇ ਸੂਬਿਆਂ ਵਿਚ ਮਾਹੌਲ ਸਿਰਜਿਆ ਗਿਆ ਹੈ।ਯੂਪੀ ਨੂੰ ਗੁੰਡਾ ਰਹਿਤ ਪ੍ਰਦੇਸ ਬਣਾਇਆ ਗਿਆ ਹੈ ਕਾਨੂੰਨ ਦਾ ਪੂਰਾ ਰਾਜ ਕਾਇਮ ਕੀਤਾ ਗਿਆ ਹੈ ਤਾਂ ਕਿ ਉਦਯੋਗਪਤੀ ਬਿਨ੍ਹਾਂ ਕਿਸੇ ਡਰ ਤੋਂ ਆਪਣਾ ਪੈਸਾ ਯੂਪੀ ਦੇ ਉਦਯੋਗ ਲਈ ਨਿਵੇਸ਼ ਕਰ ਸਕਣ। ਹੁਣ ਸਿਰਫ਼ ਵਿਕਾਸ ਹੀ ਵਿਕਾਸ ਨਾਲ ਯੂਪੀ ਸਰਵਉੱਤਮ ਪ੍ਰਦੇਸ ਬਣਨ ਜਾ ਰਿਹਾ ਹੈ।
ਪੰਜਾਬ ਦੇ ਵਿਚ ਅਜਿਹਾ ਕੀ ਨਹੀਂ ਜੋ ਯੂਪੀ ਸਰਕਾਰ ਦੇਵੇਗੀ? : ਇਸ ਸਵਾਲ ਦਾ ਜਵਾਬ ਦਿੰਦਿਆਂ ਉਹਨਾਂ ਦੱਸਿਆ ਕਿ ਯੂਪੀ ਸਰਕਾਰ ਨੇ ਅਮਨ ਕਾਨੂੰਨ ਦਾ ਚੰਗਾ ਸਾਸ਼ਨ ਚਲਾਇਆ ਹੈ।ਯੂਪੀ ਮਾਫ਼ੀਆ ਰਾਜ ਮੁਕਤ ਹੈ ਪੁਲਿਸ ਪ੍ਰਸ਼ਾਸਨ ਬਹੁਤ ਚੰਗਾ ਹੈ ਫਿਰੌਤੀਆਂ ਮੰਗਣ ਵਾਲੇ ਜੇਲ੍ਹਾਂ ਵਿਚ ਡੱਕੇ ਗਏ।ਯੂਪੀ ਸਰਕਾਰ ਵਪਾਰ ਅਤੇ ਉਦਯੋਗ ਲਈ ਚੰਗਾ ਮਾਹੌਲ ਸਿਰਜ ਰਹੀ ਹੈ। ਇਸਦੇ ਲਈ ਉਹ ਪੰਜਾਬ ਦੇ ਅਤੇ ਹੋਰ ਇਨਵੈਸਟਰਾਂ ਨੂੰ ਵੀ ਇਹ ਗਾਰੰਟੀ ਦਿੰਦੇ ਹਨ ਕਿ ਉਹਨਾਂ ਦਾ ਇਕ ਵੀ ਪੈਸਾ ਨਹੀਂ ਮਰੇਗਾ। ਕਿਸੇ ਵੀ ਕਿਸੇ ਦੇ ਡਰ ਭੈਅ, ਧਮਕੀ ਅਤੇ ਫਿਰੌਤੀ ਦੇ ਡਰ ਤੋਂ ਆਜ਼ਾਦ ਤਰੀਕੇ ਨਾਲ ਯੂਪੀ ਵਿਚ ਆਪਣਾ ਉਦਯੋਗ ਵਧਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ: Farmers will protest in Chandigarh: ਕਿਸਾਨ ਫਿਰ ਤੋਂ ਲਗਾਉਣਗੇ ਚੰਡੀਗੜ੍ਹ ਵਿਖੇ ਮੋਰਚਾ, ਜਾਣੋ ਕਿਉਂ ?
ਪੰਜਾਬ ਦੇ ਲੋਕਾਂ ਨੇ ਐਮ ਓ ਯੂ ਸਾਈਨ ਕਰਨ ਵਿਚ ਵਿਖਾਈ ਦਿਲਚਸਪੀ: ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਸ਼ਾਮ ਤੱਕ ਬਹੁਤ ਸਾਰੇ ਐਮਓਯੂ ਸਾਈਨ ਕਰਨ ਦੇ ਅੰਕੜੇ ਸਾਹਮਣੇ ਆ ਜਾਣਗੇ। ਪੰਜਾਬੀਆਂ ਨੇ ਯੂਪੀ ਵਿਚ ਨਿਵੇਸ਼ ਕਰਨ ਦੀ ਕਾਫ਼ੀ ਦਿਲਚਸਪੀ ਵਿਖਾਈ ਹੈ। ਹਰ ਸੂਬੇ ਅਤੇ ਪੱਛਮੀ ਦੇਸ਼ਾਂ ਦੇ ਲੋਕਾਂ ਨੇ ਵੀ ਯੂਪੀ ਵਿਚ ਨਿਵੇਸ਼ ਕਰਨ ਦੀ ਦਿਲਚਸਪੀ ਵਿਖਾਈ ਹੈ। ਇਹਨਾਂ ਹੀ ਨਹੀਂ ਅਮਰੀਕਾ, ਕੈਨੇਡਾ, ਨੀਰਦਲੈਂਡ ਆਸਟ੍ਰੇਲੀਆ ਦੇ ਕਈ ਇਨਵੈਸਟਰਾਂ ਨੇ ਐਮਓਯੂ ਸਾਈਨ ਕੀਤੇ ਹਨ।
ਇਸ ਇਨਵੈਸਟਮੈਂਟ ਸਮਿਟ ਰੋਡ ਸ਼ੋਅ ਵਿਚ ਇਕ ਗੱਲ ਜ਼ਰੂਰ ਸਾਹਮਣੇ ਆਈ ਕਿ ਪੰਜਾਬੀਆਂ ਦਾ ਖਾਸ ਧਿਆਨ ਰੱਖਿਆ ਗਿਆ। ਸਟੇਜਾਂ ਤੋਂ ਸੰਬੋਧਨ ਵੀ ਪੰਜਾਬੀ ਭਾਸ਼ਾ ਵਿਚ ਕੀਤੇ ਗਏ। ਨਾਲ ਹੀ ਅਸਿੱਧੇ ਤਰੀਕੇ ਨਾਲ ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ਨੂੰ ਨਿਸ਼ਾਨੇ 'ਤੇ ਲਿਆ ਗਿਆ। ਵਾਰ ਵਾਰ ਯੂਪੀ ਦੀ ਅਮਨ ਕਾਨੂੰਨ ਵਿਵਸਥਾ ਦਾ ਗੁਣਗਾਨ ਕੀਤਾ ਗਿਆ ਅਤੇ ਪੰਜਾਬ ਨਾਲੋਂ ਯੂਪੀ ਦੀ ਅਮਨ ਕਾਨੂੰਨ ਵਿਵਸਥਾ ਬਿਹਤਰ ਹੋਣ ਦਾ ਇਸ਼ਾਰਾ ਕੀਤਾ ਗਿਆ।