ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕੈਬਿਨੇਟ ਤੋਂ ਆਪਣਾ ਅਸਤੀਫ਼ਾ ਦੇ ਦਿੱਤਾ ਹੈ। ਜਿਸ ਤੋਂ ਬਾਅਦ ਉਨ੍ਹਾਂ ਆਪਣੀ ਸਰਕਾਰੀ ਕੋਠੀ ਵੀ ਖ਼ਾਲੀ ਕਰ ਦਿੱਤੀ। ਸਿੱਧੂ ਨੂੰ ਅਲਾਟ ਹੋਈ ਕੋਠੀ ਨੰ: 42 ਨੂੰ ਹੁਣ ਖ਼ੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੂੰ ਸੌਂਪ ਦਿੱਤੀ ਗਈ ਹੈ। ਖ਼ੇਡ ਮੰਤਰੀ ਰਾਣਾ ਸੋਢੀ ਨੇ ਕੋਠੀ ਦੀ ਸਫ਼ਾਈ ਵੀ ਕਰਵਾ ਲਈ ਹੈ ਅਤੇ ਉਹ ਅੱਜ ਨਵੀਂ ਅਲਾਟ ਇਸ ਕੋਠੀ ਵਿੱਚ ਆ ਜਾਣਗੇ। ਇਸ ਕੋਠੀ ਦੇ ਨਜ਼ਦੀਕ ਹੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਸਿਹਤ ਮੰਤਰੀ ਬ੍ਰਹਮ ਮੋਹਿੰਦਰਾ ਦੀ ਕੋਠੀ ਹੈ।
ਕੈਪਟਨ-ਸੋਢੀ ਦੀ ਨਜ਼ਦੀਕੀਆਂ
ਰਾਣਾ ਸੋਢੀ ਨੂੰ ਜੋ ਕੋਠੀ ਅਲਾਟ ਹੋਈ ਹੈ, ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦੇ ਬਿਲਕੁਲ ਨਜ਼ਦੀਕ ਹੈ। ਰਾਣਾ ਸੋਢੀ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਨਜ਼ਦੀਕੀਆਂ ਜੱਗ ਜ਼ਾਹਿਰ ਹਨ। ਹੁਣ ਉਨ੍ਹਾਂ ਦੀ ਕੋਠੀ ਵੀ ਮੁੱਖ ਮੰਤਰੀ ਦੇ ਘਰ ਦੇ ਨਾਲ ਹੀ ਹੈ।
ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੈਬਿਨੇਟ 'ਚ ਫ਼ੇਰਬਦਲ ਕਰਕੇ ਨਵਜੋਤ ਸਿੰਘ ਨੂੰ ਬਿਜਲੀ ਮਹਿਕਮਾ ਦਿੱਤਾ ਸੀ। ਨਵਾਂ ਅਹੁਦਾ ਮਿਲਣ ਤੋਂ ਬਾਅਦ ਵੀ ਸਿੱਧੂ ਨੇ ਕਾਰਜਭਾਰ ਨਹੀਂ ਸੰਭਾਲਿਆ ਜਿਸ ਤੋਂ ਬਾਅਦ ਸਿੱਧੂ ਨੇ ਰਾਹੁਲ ਗਾਂਧੀ ਨੇ ਨੂੰ ਆਪਣਾ ਅਸਤੀਫ਼ਾ ਦਿੱਤਾ ਤੇ ਬਾਅਦ 'ਚ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਆਪਣਾ ਅਸਤੀਫ਼ਾ ਭੇਜ ਦਿੱਤਾ ਸੀ।