ਚੰਡੀਗੜ੍ਹ: ਅਕਾਲੀ ਦਲ ਨੇ ਰਾਜੋਆਣਾ ਦੀ ਉਮਰ ਕੈਦ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਇਸ ਵਿਸ਼ੇ ਉੱਤੇ ਪਾਰਟੀ ਦੇ ਬੁਲਾਰੇ ਦਲਜੀਤ ਚੀਮਾ ਦਾ ਕਹਿਣਾ ਹੈ ਕਿ 2012 ਵਿੱਚ ਪ੍ਰਕਾਸ਼ ਸਿੰਘ ਬਾਦਲ ਵੱਲੋਂ ਫਾਂਸੀ ਦੀ ਸਜ਼ਾ ਨੂੰ ਰੁਕਵਾਉਣ ਲਈ ਜੱਦੋ ਜਹਿਦ ਕੀਤੀ ਗਈ ਸੀ ਅਤੇ ਇਹ ਪਟੀਸ਼ਨ ਵੀ ਐੱਸ.ਜੀ.ਪੀ.ਸੀ ਵੱਲੋਂ ਪਾਈ ਗਈ ਸੀ ਜਿਸ ਕਾਰਨ ਸੱਤ ਸਾਲ ਇਹ ਮਾਮਲਾ ਢਿੱਲਾ ਪੈ ਗਿਆ ਅਤੇ ਹੁਣ ਜੋ ਫੈਸਲਾ ਕੇਂਦਰ ਨੇ ਦਿੱਤਾ ਹੈ ਇਸ ਦਾ ਅਕਾਲੀ ਦਲ ਸਵਾਗਤ ਕਰਦਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬਿਆਨਬਾਜ਼ੀ ਉੱਤੇ ਦਲਜੀਤ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਹਰ ਦੂਸਰੇ ਦਿਨ ਕੋਈ ਨਾ ਕੋਈ ਬਿਆਨਬਾਜ਼ੀ ਕਰਦੇ ਰਹਿੰਦੇ ਹਨ। ਪਹਿਲਾਂ ਉਨ੍ਹਾਂ ਦੇ ਹੱਕ ਵਿੱਚ ਬਿਆਨ ਦਿੱਤਾ ਅਤੇ ਬਾਅਦ 'ਚ ਪਾਰਟੀ ਦੇ ਵਿਰੋਧ 'ਚ ਬਿਆਨ ਦਿੱਤਾ।
ਚੀਮਾ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਗੁੱਟਾਂ ਵਿੱਚ ਬਣ ਕੇ ਬਿਆਨਬਾਜ਼ੀ ਕਰ ਰਹੀ ਹੈ ਜਦ ਕਿ ਰਾਜੋਆਣਾ ਦੀ ਭੈਣ ਵੱਲੋਂ ਅਭਿਆਨ ਅਤੇ ਸਪੱਸ਼ਟੀਕਰਨ ਆਇਆ ਸੀ ਕਿ ਰਵਨੀਤ ਬਿੱਟੂ ਨੂੰ ਆਪਣਾ ਨਜ਼ਰੀਆ ਬਦਲਣਾ ਚਾਹੀਦਾ ਹੈ। ਚੀਮਾ ਨੇ ਕਿਹਾ ਕਿ ਉਨ੍ਹਾਂ ਦੀ ਭੈਣ ਨੇ ਵੀ ਕੇਂਦਰ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ ਅਤੇ ਆਪਣੇ ਬਿਆਨ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਵੀ ਜ਼ਿਕਰ ਕੀਤਾ ਹੈ ਕਿ ਉਨ੍ਹਾਂ ਨੇ ਕਿਵੇਂ ਮਦਦਗਾਰ ਕਦਮ ਚੁੱਕੇ ਸੀ ਤੇ ਇਸ ਫ਼ੈਸਲੇ ਤੋਂ ਬਾਅਦ ਰੋਜ਼ਾਨਾ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰ ਸਕਣਗੇ।