ਚੰਡੀਗੜ੍ਹ: ਡੱਡੂ ਮਾਜਰਾ 'ਚ ਮਰੇ ਹੋਏ ਜਾਨਵਰਾਂ ਨੂੰ ਸਾੜਨ ਦਾ ਪਲਾਂਟ ਲਗਾਉਣ ਦੀ ਯੋਜਨਾ ਦੇ ਖ਼ਿਲਾਫ਼ ਹੁਣ ਭਾਰਤੀ ਜਨਤਾ ਪਾਰਟੀ ਦੇ ਆਗੂ ਵੀ ਵਿਰੋਧ ਕਰ ਰਹੇ ਹਨ। ਸਾਬਕਾ ਮੇਅਰ ਅਤੇ ਕਾਊਂਸਲਰ ਰਾਜੇਸ਼ ਕਾਲੀਆ ਨੇ ਕਿਹਾ ਕਿ ਡੱਡੂਮਾਜਰਾ ਦੇ ਲੋਕ ਅੱਗੇ ਹੀ ਕੂੜੇ ਦੇ ਢੇਰ ਦਾ ਦੰਸ਼ ਝੱਲ ਰਹੇ ਹਨ, ਇਸ ਲਈ ਹੁਣ ਮ੍ਰਿਤਕ ਪਸ਼ੂਆਂ ਦੇ ਸਸਕਾਰ ਦਾ ਪਲਾਂਟ ਇੱਥੇ ਨਹੀਂ ਲੱਗਣ ਦਿਆਂਗੇ।
ਉਨ੍ਹਾਂ ਕਿਹਾ ਕਿ ਇਸ ਦੇ ਲਈ ਜੇ ਉਨ੍ਹਾਂ ਨੂੰ ਸੜਕਾਂ 'ਤੇ ਵੀ ਉਤਰਨਾ ਪਿਆ ਤਾਂ ਉਹ ਜ਼ਰੂਰ ਉਤਰਨਗੇ। ਰਾਜੇਸ਼ ਕਾਲੀਆ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਵੀ ਕੁਝ ਕਾਊਂਸਲਰ ਡੱਡੂ ਮਾਜਰਾ ਦੇ ਵਿੱਚ ਇਸ ਪਲਾਂਟ ਦੇ ਲੱਗਣ ਦੇ ਹੱਕ ਵਿੱਚ ਹਨ ਪਰ ਜੇ ਜ਼ਰੂਰਤ ਪਈ ਤਾਂ ਡੱਡੂ ਮਾਜਰਾ ਦੇ ਲੋਕਾਂ ਦੇ ਲਈ ਉਹ ਆਪਣੀ ਪਾਰਟੀ ਦੇ ਵੀ ਵਿਰੋਧ ਵਿੱਚ ਉਤਰਨਗੇ।
ਕਾਲੀਆ ਨੇ ਦੱਸਿਆ ਕਿ ਉਨ੍ਹਾਂ ਪਾਰਟੀ ਦੇ ਪ੍ਰਧਾਨ ਅਰੁਣ ਸੂਦ ਵੀ ਡੱਡੂਮਾਜਰਾ ਦੇ ਵਿੱਚ ਇਹ ਪਲਾਂਟ ਲਗਾਏ ਜਾਣ ਦੇ ਖਿਲਾਫ਼ ਹਨ। ਉਨ੍ਹਾਂ ਨੇ ਪਿਛਲੀ ਬੈਠਕ ਦੇ ਵਿੱਚ ਜਦ ਇਸ ਮਾਮਲੇ ਨੂੰ ਪਾਸ ਕੀਤਾ ਸੀ ਤਾਂ ਉਹ ਕਿਸੇ ਕਾਰਨ ਕਰਕੇ ਇਸ ਚਰਚਾ ਦੇ ਵਿੱਚ ਸ਼ਾਮਲ ਨਹੀਂ ਹੋ ਸਕੇ ਸਨ, ਪਰ ਬਾਅਦ ਵਿੱਚ ਉਨ੍ਹਾਂ ਨੇ ਕਮਿਸ਼ਨਰ ਕੇ ਕੇ ਯਾਦਵ ਅਤੇ ਮੇਅਰ ਰਾਜਬਾਲਾ ਮਲਿਕ ਨੂੰ ਲਿਖਤੀ ਤੌਰ 'ਤੇ ਦਿੱਤਾ ਸੀ ਕਿ ਇਸ ਪ੍ਰਸਤਾਵ 'ਤੇ ਫਿਰ ਤੋਂ ਚਰਚਾ ਕੀਤੀ ਜਾਵੇ।