ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਸ਼ਮੀਰੀ ਵਿਦਿਆਰਥੀਆਂ ਦੀ ਮਦਦ ਦਾ ਭਰੋਸਾ ਦੇਣ ਤੋਂ ਕੁਝ ਦਿਨਾਂ ਬਾਅਦ ਪੰਜਾਬ ਪੁਲਿਸ ਨੇ ਕਸ਼ਮੀਰ ਦੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਫੌਰੀ ਨਿਪਟਾਰੇ ਲਈ ਵਿਸ਼ੇਸ਼ ਡੈਸਕ ਸਥਾਪਤ ਕੀਤਾ ਹੈ।
ਇਸ ਮੰਤਵ ਲਈ ਪੁਲਿਸ ਵੱਲੋਂ ਹੈਲਪਲਾਈਨ ਨੰਬਰ 181 'ਤੇ ਵਿਸ਼ੇਸ਼ ਡੈਸਕ ਸਥਾਪਿਤ ਕੀਤਾ ਗਿਆ ਹੈ ਜਿਸ ਨਾਲ ਸੂਬੇ ਵਿੱਚ ਕਸ਼ਮੀਰ ਦੇ ਵਿਦਿਆਰਥੀਆਂ ਲਈ ਕਿਸੇ ਕਿਸਮ ਦੀ ਪ੍ਰੇਸ਼ਾਨੀ ਹੋਣ ’ਤੇ ਤੁਰੰਤ ਅਤੇ ਠੋਸ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕਸ਼ਮੀਰੀ ਵਿਦਿਆਰਥੀਆਂ ਅਤੇ ਹੋਰਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਇਹ ਸਰਗਰਮ ਕਦਮ ਚੁੱਕਿਆ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕਸ਼ਮੀਰ ਵਾਂਗ ਕਸ਼ਮੀਰੀ ਵੀ ਭਾਰਤ ਦਾ ਬਰਾਬਰ ਹਿੱਸਾ ਹਨ ਅਤੇ ਅੱਤਵਾਦੀਆਂ ਦੀ ਕਾਰਵਾਈ ਲਈ ਕਸ਼ਮੀਰੀਆਂ ਨੂੰ ਨਿਸ਼ਾਨਾ ਬਣਾ ਕੇ ਜ਼ੁਲਮ ਢਾਹੁਣਾ ਜਾਂ ਪ੍ਰੇਸ਼ਾਨ ਕਰਨਾ ਗੈਰ-ਸੰਵਿਧਾਨਕ ਹੋਣ ਦੇ ਨਾਲ-ਨਾਲ ਅਣਮਨੁੱਖੀ ਵਤੀਰਾ ਹੈ।
ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੇ ਵਸਨੀਕਾਂ ਨੂੰ ਕਿਸੇ ਤਰਾਂ ਪ੍ਰੇਸ਼ਾਨੀ ਜਾਂ ਡਰਾਉਣ-ਧਮਕਾਉਣ ਦੀ ਕਿਸੇ ਵੀ ਸ਼ਿਕਾਇਤ ਦੇ ਨਿਪਟਾਰੇ ਲਈ ਫ਼ੌਰੀ ਕਾਰਵਾਈ ਕੀਤੀ ਜਾਵੇਗੀ। ਪੀੜ੍ਹਤ 181 ਨੰਬਰ ’ਤੇ ਕਾਲ ਜਾਂ help@181pph.com ’ਤੇ ਈਮੇਲ ਕਰ ਕੇ ਵੀ ਮਦਦ ਲਈ ਗੁਹਾਰ ਲਗਾ ਸਕਦੇ ਹਨ।
ਦੱਸਣਯੋਗ ਹੈ ਕਿ ਪੰਜਾਬ ਪੁਲਿਸ ਨੇ ਸ਼ਿਕਾਇਤਾਂ ’ਤੇ ਫੌਰੀ ਜਵਾਬ ਦੇਣ ਅਤੇ ਨਿਪਟਾਰੇ ਦੀ ਦੇਖ-ਰੇਖ ਲਈ ਡੀ.ਆਈ.ਜੀ. (ਲਾਅ ਐਂਡ ਆਰਡਰ) ਸੁਰਜੀਤ ਸਿੰਘ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਹੈ।