ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੀ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਸ਼ਨੀਵਾਰ ਨੂੰ ਵਿਸ਼ੇਸ਼ ਮੁਹਿੰਮ ਚਲਾਈ। ਜਿਸ ਤਹਿਤ ਸੂਬੇ ਭਰ ਦੀਆਂ ਪੁਲਿਸ ਟੀਮਾਂ ਨੇ ਉਨ੍ਹਾਂ ਲੋਕਾਂ ਦੀ ਜਾਂਚ ਕੀਤੀ, ਜਿਨ੍ਹਾਂ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਹਨ। ਦੱਸ ਦਈਏ ਕਿ ਇਹ ਕਾਰਵਾਈ ਡੀਜੀਪੀ ਗੌਰਵ ਯਾਦਵ ਦੇ ਆਦੇਸ਼ਾਂ ਅਤੇ ਪੰਜਾਬ ਦੇ ਅੰਮ੍ਰਿਤਸਰ ਵਿੱਚ ਜੀ-20 ਸੰਮੇਲਨ ਕਰਕੇ ਅਜਿਹੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।
ਠਿਕਾਣਿਆਂ ਤੇ ਪਿਛੋਕੜ ਦੀ ਵਿਸ਼ੇਸ਼ ਤੌਰ ਉੱਤੇ ਜਾਂਚ:- ਇਹ ਮੁਹਿੰਮ ਵੱਖ-ਵੱਖ ਥਾਵਾਂ 'ਤੇ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਇੱਕੋਂ ਸਮੇਂ ਦੌਰਾਨ ਚਲਾਈ ਗਈ। ਇਸ ਮੁਹਿੰਮ ਲਈ ਸਾਰੇ ਸੀਪੀਜ਼ੀ/ਐੱਸ.ਐੱਸ.ਪੀਜ਼ ਨੂੰ ਆਦੇਸ਼ ਦਿੱਤੇ ਗਏ ਕਿ ਪਿਛਲੇ 5 ਸਾਲਾਂ ਦੌਰਾਨ ਅਸਲਾ ਐਕਟ ਅਧੀਨ ਮਾਮਲੇ ਦਰਜ ਕੀਤੇ। ਸਾਰੇ ਵਿਅਕਤੀ ਜੋ ਜ਼ਮਾਨਤ ਜਾਂ ਛੁੱਟੀ ਉੱਤੇ ਹਨ ਜਾਂ ਫਿਰ ਬਰੀ ਹੋ ਚੁੱਕੇ ਹਨ। ਉਹਨਾਂ ਦੇ ਠਿਕਾਣਿਆਂ ਅਤੇ ਪਿਛੋਕੜ ਦੀ ਵਿਸ਼ੇਸ਼ ਤੌਰ ਉੱਤੇ ਜਾਂਚ ਕਰਨ ਲਈ ਸਾਰਿਆਂ ਥਾਣਿਆਂ ਵਿੱਚ ਇੱਕ ਇੱਕ ਟੀਮ ਲਗਾਉਣ ਲਈ ਕਿਹਾ ਗਿਆ ਸੀ।
400 ਪੁਲਿਸ ਟੀਮਾਂ ਨੇ 1343 ਲੋਕਾਂ ਦੀ ਜਾਂਚ ਕੀਤੀ:- ਇਸ ਦੌਰਾਨ ਹੀ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ 2000 ਪੁਲਿਸ ਮੁਲਾਜ਼ਮਾਂ ਵਾਲੀ 400 ਪੁਲਿਸ ਟੀਮਾਂ ਨੇ 1343 ਅਜਿਹੇ ਲੋਕਾਂ ਦੀ ਜਾਂਚ ਕੀਤੀ। ਜਿਸ ਦੇ ਖਿਲਾਫ ਪਿਛਲੇ 5 ਸਾਲਾਂ ਤੋਂ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਇਨ੍ਹਾਂ ਵਿੱਚੋਂ 1194 ਵਿਅਕਤੀ ਛੁੱਟੀ ਜਾਂ ਜ਼ਮਾਨਤ ਉੱਤੇ ਸਨ। ਏਡੀਜੀਪੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਇਸ ਮੁਹਿੰਮ ਦੌਰਾਨ 1 ਵਿਅਕਤੀ ਨੂੰ ਕਾਬੂ ਕੀਤਾ ਗਿਆ।
ਵੱਖ-ਵੱਖ ਗਤੀਵਿਧੀਆਂ ਦੇ ਮੱਦੇਨਜ਼ਰ ਇਹ ਕਾਰਵਾਈ ਕੀਤੀ:- ਉਨ੍ਹਾਂ ਕਿਹਾ ਕਿ ਇਸ ਅਪ੍ਰੇਸ਼ਨ ਦਾ ਉਦੇਸ਼ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ 'ਤੇ ਨਜ਼ਰ ਰੱਖਣ ਤੋਂ ਇਲਾਵਾ ਅੰਤਰਰਾਸ਼ਟਰੀ ਸਰਹੱਦ ਅਤੇ ਉੱਤਰ ਪ੍ਰਦੇਸ਼, ਬਿਹਾਰ ਅਤੇ ਮੱਧ ਪ੍ਰਦੇਸ਼ ਵਰਗੇ ਰਾਜਾਂ ਦੀਆਂ ਅੰਤਰਰਾਜੀ ਸਰਹੱਦਾਂ ਤੋਂ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਨੂੰ ਰੋਕਣਾ ਹੈ।ਮਹੱਤਵਪੂਰਨ ਗੱਲ ਇਹ ਹੈ ਕਿ ਅਜਿਹੀਆਂ ਕਾਰਵਾਈਆਂ ਸਮਾਜ ਵਿਰੋਧੀ ਤੱਤਾਂ ਵਿੱਚ ਡਰ ਪੈਦਾ ਕਰਨ ਅਤੇ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਵਿੱਚ ਵੀ ਮਦਦ ਕਰਦੀਆਂ ਹਨ।