ਚੰਡੀਗੜ੍ਹ : ਅੱਜ ਤੁਹਾਨੂੰ ਅਸੀਂ ਇਕ ਅਜਿਹੇ ਪੁਲਿਸ ਮੁਲਾਜ਼ਮ ਨਾਲ ਮਿਲਵਾਉਣ ਜਾ ਰਹੇ ਹਾਂ ਜੋ ਲੋਕਾਂ ਦੀਆਂ ਹੱਡੀਆਂ ਤੋੜਦਾ ਨਹੀਂ ਬਲਕਿ ਜੋੜਦਾ ਹੈ। ਏਐਸਆਈ ਨਿਸ਼ਾਨ ਸਿੰਘ ਜੋ ਕਿ ਪਿਛਲੇ 10-12 ਸਾਲ ਤੋਂ ਪੰਜਾਬ ਹਰਿਆਣਾ ਹਾਈਕੋਰਟ ਵਿਚ ਡਿਊਟੀ 'ਤੇ ਤੈਨਾਤ ਹਨ।ਉਹ ਆਪਣੀ ਡਿਊਟੀ ਦੇ ਨਾਲ ਨਾਲ ਲੋਕਾਂ ਦੀਆਂ ਪਸਲੀਆਂ, ਜੋੜਾਂ ਦਾ ਦਰਦ ਅਤੇ ਸਰਵਾਈਕਲ ਦਾ ਇਲਾਜ ਕੁਝ ਖਾਸ ਤਰੀਕਿਆਂ ਨਾਲ ਕਰਦੇ ਹਨ। ਏਐਸਆਈ ਨਿਸ਼ਾਨ ਸਿੰਘ ਸਿਰਫ਼ ਹੱਥ ਲਗਾਉਂਦੇ ਹਨ ਅਤੇ ਸਾਲੋ ਸਾਲ ਪੁਰਾਣੀਆ ਦਰਦਾਂ ਛੂ ਮੰਤਰ ਹੋ ਜਾਂਦੀਆਂ ਹਨ। ਨਹੀਂ ਯਕੀਨ ਤਾਂ ਤੁਸੀ ਆਪ ਈ ਵੇਖ ਲਓ ਈਟੀਵੀ ਭਾਰਤ ਵੱਲੋਂ ਉਹਨਾਂ ਨਾਲ ਖਾਸ ਗੱਲਬਾਤ ਕੀਤੀ ਗਈ।
ਜਦੋਂ ਤੋਂ ਡਿਊਟੀ ਜੁਆਇਨ ਕੀਤੀ ਉਦੋਂ ਤੋਂ ਕਰ ਰਹੇ ਲੋਕਾਂ ਦਾ ਇਲਾਜ : ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਨਿਸ਼ਾਨ ਸਿੰਘ ਨੇ ਦੱਸਿਆ ਕਿ 1988 'ਚ ਉਹਨਾਂ ਨੇ ਪੰਜਾਬ ਪੁਲਿਸ ਵਿਚ ਡਿਊਟੀ ਜੁਆਇਨ ਕੀਤੀ ਅਤੇ ਉਸ ਵੇਲੇ ਤੋਂ ਹੀ ਲੋਕਾਂ ਦੀਆਂ ਹੱਡੀਆਂ ਪਸਲੀਆਂ ਦਾ ਇਲਾਜ ਕਰ ਰਹੇ ਅਤੇ ਦਰਦਾਂ ਠੀਕ ਕਰ ਰਹੇ ਹਨ।ਨਿਸ਼ਾਨ ਸਿੰਘ ਪੁਰਾਣੀਆਂ ਦਰਦਾਂ, ਧਰਨ, ਮਾਈਗ੍ਰੇਨ ਅਤੇ ਸਰਵਾਈਕਲ ਵਰਗੀਆਂ ਬਿਮਾਰੀਆਂ ਦੀਆਂ ਦਰਦਾਂ ਦਾ ਉਂਗਲਾਂ ਦੇ ਪੋਟਿਆਂ ਨਾਲ ਇਲਾਜ ਕਰਦੇ।ਉਹਨਾਂ ਦੱਸਿਆ ਕਿ ਹਾਈਕੋਰਟ ਦੇ ਸਟਾਫ਼, ਵਕੀਲਾਂ ਅਤੇ ਹੋਰ ਸਟਾਫ਼ ਦਾ ਇਲਾਜ ਵੀ ਉਹਨਾਂ ਵੱਲੋਂ ਕੀਤਾ ਗਿਆ ਹੈ।ਹਰ ਰੋਜ਼ ਉਹਨਾਂ ਕੋਲ 5 ਤੋਂ 7 ਲੋਕ ਆਉਂਦੇ ਹਨ।
ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਵੱਲੋਂ ਇਹ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ ਕਿਸੇ ਵੀ ਵਿਅਕਤੀ ਕੋਲੋਂ ਕੋਈ ਵੀ ਪੈਸਾ ਨਹੀਂ ਲਿਆ ਜਾਂਦਾ।ਕਿਉਂਕਿ ਉਹਨਾਂ ਨੂੰ ਆਪਣਾ ਤਨਖਾਹ ਵਿਚ ਹੀ ਸੰਤੁਸ਼ਟੀ ਹੈ ਇਸ ਲਈ ਉਹ ਕਿਸੇ ਕੋਲੋਂ ਇਕ ਧੇਲਾ ਵੀ ਨਹੀਂ ਲੈਂਦੇ।ਉਹਨਾਂ ਦਾ ਮੰਨਣਾ ਹੈ ਕਿ ਜੇਕਰ ਉਹ ਕਿਸੇ ਕੋਲੋਂ ਇਕ ਪੈਸਾ ਵੀ ਵਸੂਲਣਗੇ ਤਾਂ ਉਹਨਾਂ ਦੇ ਹੱਥਾਂ ਦੀ ਕਲਾ ਖ਼ਤਮ ਹੋ ਜਾਵੇਗੀ।
ਇਹ ਵੀ ਪੜ੍ਹੋ : Raso NGO Took a New Initiative: ਨਸ਼ੇ ਦੇ ਖਾਤਮੇ ਲਈ ਰਾਸੋ NGO ਨੇ ਵਿਦਿਆਰਥੀਆਂ ਸਮੇਤ ਚੁੱਕੀ ਸੌਂਹ
ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਨਿਸ਼ਾਨ ਸਿੰਘ : ਏਐਸਆਈ ਨਿਸ਼ਾਨ ਸਿੰਘ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਪੁਲਿਸ ਵਿਚ ਆਉਣ ਤੋਂ ਪਹਿਲਾਂ ਉਹ ਪਹਿਲਵਾਨ ਸਨ ਉਸ ਵਕਤ ਉਹਨਾਂ ਨੇ ਦਰਦਾਂ ਠੀਕ ਕਰਨ ਦੀ ਕਲਾ ਸਿੱਖੀ ਸੀ।ਉਹ ਨਾਮੀ ਪਹਿਲਵਾਨਾਂ ਦੇ ਨਾਲ ਵੀ ਰਹੇ ਹਨ।ਉਹ ਸ਼ੁਰੂ ਤੋਂ ਹੀ ਵੀਆਈਪੀ ਸੁਰੱਖਿਆ ਵਿਚ ਤੈਨਾਤ ਰਹੇ। ਪੰਜਾਬ ਦੇ ਕਈ ਸਾਬਕਾ ਡੀਜੀਪੀਸ ਨਾਲ ਉਹਨਾਂ ਵੱਲੋਂ ਕੰਮ ਕੀਤਾ ਗਿਆ ਹੈ।