ਹੈਦਰਾਬਾਦ ਡੈਸਕ: ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦਾ ਬਿਗੁਲ ਵਜਾ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਇਹ ਚੋਣਾਂ ਕਰਵਾਉਣ ਲਈ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਹੈ। ਪੰਜਾਬ ਸਰਕਾਰ ਨੇ ਪੰਜ ਨਗਰ ਨਿਗਮਾਂ ਦੀਆਂ ਚੋਣਾਂ ਕਰਵਾਉਣ ਲਈ ਲਿਖਿਆ ਹੈ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਅਗਸਤ ਮਹੀਨੇ ਵਿੱਚ ਜਾਰੀ ਕੀਤੇ ਗਏ ਹੁਕਮਾਂ ਤੋਂ ਬਾਅਦ ਪੰਜਾਬ ਸਰਕਾਰ ਇਨ੍ਹਾਂ ਚੋਣਾਂ ਸਬੰਧੀ ਹਰਕਤ ਵਿੱਚ ਆਈ ਅਤੇ ਵਾਰਡਬੰਦੀ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਗਈ। ਲੋਕਲ ਬਾਡੀ ਵਲੋਂ ਨਗਰ ਨਿਗਮ ਚੋਣਾਂ 15 ਨਵੰਬਰ ਤੱਕ ਕਰਵਾਉਣ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
ਜ਼ਿਕਰਯੋਗ ਹੈ ਕਿ ਫ਼ਗਵਾੜਾ ਦੇ ਨਗਰ ਨਿਗਮ ਬਣਨ ਤੋਂ ਬਾਅਦ ਪਹਿਲੀ ਵਾਰ ਇੱਥੇ ਚੋਣ ਹੋਣ ਜਾ ਰਹੀ ਹੈ, ਜਦਕਿ ਬਾਕੀ ਚਾਰ ਨਗਰ ਨਿਗਮਾਂ ਦਾ ਕਾਰਜਕਾਲ ਜਨਵਰੀ ਮਹੀਨੇ ਵਿੱਚ ਖ਼ਤਮ ਹੋ ਚੁੱਕਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ, ਚੋਣਾਂ ਕਰਵਾਉਣ ਲਈ 15 ਨਵੰਬਰ ਤੱਕ ਦਾ ਸਮਾਂ ਥੌੜਾ ਹੈ ਅਤੇ ਇਹ ਵੀ ਦੇਖਣਯੋਗ ਹੋਵੇਗਾ ਕਿ ਇਸ ਉੱਤੇ ਰਾਜ ਚੋਣ ਕਮਿਸ਼ਨ ਕੀ ਫੈਸਲਾ ਲਵੇਗਾ। ਪੰਜਾਬ ਵਿੱਚ 34 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀ ਮਿਆਦ ਵੀ ਦਸੰਬਰ, 2022 ਅਤੇ ਫ਼ਰਵਰੀ 2023 ਵਿੱਚ ਖ਼ਤਮ ਹੋ ਚੁੱਕੀ ਹੈ। ਦੱਸ ਦਈਏ ਕਿ ਦਿੜ੍ਹਬਾ ਅਤੇ ਖਨੌਰੀ ਦੀ ਕਮੇਟੀ ਉੱਤੇ ਅਦਾਲਤ ਨੇ ਰੋਕ ਲਾਈ ਹੈ।