ਚੰਡੀਗੜ੍ਹ : ਪੰਜਾਬ ਸਮੇਤ ਪੂਰੇ ਉੱਤਰੀ ਭਾਰਤ 'ਚ ਮੀਂਹ ਕਹਿਰ ਬਣ ਕੇ ਵਰ੍ਹ ਰਿਹਾ ਹੈ। ਲੋਕ ਭਰੇ ਭਰਾਏ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਮਜਬੂਰ ਹਨ। ਪੰਜਾਬ ਵਿਚ ਇਸ ਤੋਂ ਪਹਿਲਾਂ ਹੜ੍ਹ ਦੀ ਅਜਿਹੀ ਭਿਆਨਕ ਤਸਵੀਰ ਕਦੇ ਵੀ ਵੇਖਣ ਨੂੰ ਨਹੀਂ ਮਿਲੀ, ਜਦੋਂ ਪਾਣੀਆਂ ਦੀ ਧਰਤੀ ਪੰਜਾਬ ਪਾਣੀ-ਪਾਣੀ ਹੋਇਆ ਹੋਵੇ। ਪਿੰਡ ਹੋਵੇ ਜਾਂ ਸ਼ਹਿਰ ਗਲੀ ਹੋਵੇ ਜਾਂ ਮੁਹੱਲਾ ਪਾਣੀ ਦੇ ਕਹਿਰ ਅੱਗੇ ਸਭ ਬੇਵੱਸ ਨਜ਼ਰ ਆ ਰਹੇ ਹਨ। ਸਾਲ 2019 'ਚ ਆਏ ਹੜ ਦੌਰਾਨ ਵੀ ਪੰਜਾਬ ਦੇ ਕੁਝ ਇਲਾਕੇ ਹੀ ਪ੍ਰਭਾਵਿਤ ਹੋਏ ਸਨ ਪਰ ਇਸ ਵੇਲੇ 2 ਦਿਨ ਮੀਂਹ ਨਾਲ ਹੀ ਪੂਰਾ ਪੰਜਾਬ ਜਲਥਲ ਹੈ।
ਪਾਣੀ ਦੀ ਮਾਰ ਹੇਠ ਪੰਜਾਬ : ਬਿਆਸ, ਰਾਵੀ, ਸਤਲੁਜ ਅਤੇ ਘੱਗਰ ਦੇ ਨਾਲ ਲੱਗਦੇ ਇਲਾਕਿਆਂ ਉੱਤੇ ਤਾਂ ਪਾਣੀ ਦਾ ਖ਼ਤਰਾ ਲਗਾਤਾਰ ਬਣਿਆ ਹੋਇਆ ਹੈ। ਸਤਲੁਜ ਦਰਿਆ ਦੇ ਕੰਢਿਆਂ ਤੋਂ ਇਲਾਵਾ ਪਟਿਆਲਾ, ਮੁਹਾਲੀ, ਆਨੰਦਪੁਰ ਸਾਹਿਬ, ਫਤਹਿਗੜ੍ਹ ਸਾਹਿਬ ਅਤੇ ਨਹਿਰਾਂ ਦੇ ਕੰਢਿਆਂ ਵਿੱਚ ਪਾੜ ਪੈਣ ਕਾਰਨ ਜੰਡਿਆਲਾ ਗੁਰੂ, ਬੰਡਾਲਾ, ਅਬੋਹਰ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਖੇਤਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ ਹੈ, ਜਦੋਂ ਕਿ ਰਾਜਪੁਰਾ ਵਿਚ ਸਥਿਤ ਚਿਤਕਾਰਾ ਯੂਨੀਵਰਸਿਟੀ ਵੀ ਖਾਲੀ ਕਰਵਾ ਲਿਆ ਗਿਆ ਹੈ ਅਤੇ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਇਹ ਖੇਤਰ ਐਸਵਾਈਐਲ ਦੇ ਨਾਲ ਲੱਗਦਾ ਹੈ।
ਪੰਜਾਬ ਵਿੱਚ ਭਾਰੀ ਮੀਂਹ ਕਾਰਨ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਸ਼ਹਿਰਾਂ ਤੋਂ ਲੈ ਕੇ ਪਿੰਡਾਂ ਅਤੇ ਖੇਤਾਂ ਤੱਕ ਪਾਣੀ ਨਜ਼ਰ ਆ ਰਿਹਾ ਹੈ। ਕਈ ਥਾਵਾਂ 'ਤੇ ਰੇਲ ਪਟੜੀਆਂ ਵੀ ਪਾਣੀ 'ਚ ਡੁੱਬ ਗਈਆਂ ਹਨ। ਪਾਣੀ ਭਰਨ ਕਾਰਨ ਰੇਲਵੇ ਨੇ ਪੰਜਾਬ ਵਿੱਚ ਸਰਹਿੰਦ-ਨੰਗਲ ਡੈਮ ਅਤੇ ਚੰਡੀਗੜ੍ਹ- ਸਨੇਹਵਾਲ ਰੇਲਵੇ ਲਾਈਨ 'ਤੇ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ, ਜਦਕਿ ਜੰਮੂ-ਤਵੀ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਨੂੰ ਜਾਣ ਵਾਲੀਆਂ ਟਰੇਨਾਂ ਦੇ ਰੂਟ ਵੀ ਬਦਲ ਦਿੱਤੇ ਗਏ ਹਨ।
- Heavy Rain In Himachal: ਹਿਮਾਚਲ 'ਚ ਮੀਂਹ ਦਾ ਤਾਂਡਵ ! ਕਾਗਜ਼ ਵਾਂਗ ਰੁੜ੍ਹਿਆ 100 ਸਾਲ ਪੁਰਾਣਾ ਪੁਲ, ਦੇਖੋ ਵੀਡੀਓ
- Heavy Rain in Punjab: ਪਾਣੀ ਦੀ ਮਾਰ ਹੇਠ ਪੰਜਾਬ ! ਨਹਿਰਾਂ ਓਵਰਫਲੋ, ਲੋਕਾਂ ਦੇ ਘਰਾਂ ਵਿੱਚ ਵੜਿਆ ਪਾਣੀ, ਮੁੱਖ ਮੰਤਰੀ ਨੇ ਕੀਤੀ ਇਹ ਅਪੀਲ
- Jalandhar PAP Academy : ਸਤਲੁਜ ਦਰਿਆ ਦੇ ਬੰਨ੍ਹ 'ਚ ਪਿਆ ਪਾੜ, ਫਿਲੌਰ ਸ਼ਹਿਰ ਦੀ ਪੀਏਪੀ ਅਕੈਡਮੀ 'ਚ ਭਰਿਆ ਪਾਣੀ
ਮੌਸਮ ਵਿਭਾਗ ਨੇ ਵਜਾਈ ਖ਼ਤਰੇ ਦੀ ਘੰਟੀ : ਪੰਜਾਬ ਵਿਚ ਮੀਂਹ ਅਤੇ ਪਾਣੀ ਦਾ ਕਹਿਰ ਇਥੇ ਹੀ ਨਹੀਂ ਰੁਕਣ ਵਾਲਾ ਨਹੀਂ। ਮੌਸਮ ਵਿਭਾਗ ਵੱਲੋਂ ਆਉਂਦੇ ਦਿਨਾਂ ਵਿਚ ਹੋਰ ਲਗਾਤਾਰ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਵੱਲੋਂ ਪੰਜਾਬ ਵਿਚ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਸਾਲ ਪਏ ਮੀਂਹ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਸਭ ਤੋਂ ਜ਼ਿਆਦਾ ਮੀਂਹ ਪੰਜਾਬ ਦੇ ਰੋਪੜ ਜ਼ਿਲ੍ਹੇ ਪਿਆ ਜਿਥੇ 350 ਐਮਐਮ ਬਰਸਾਤ ਦਰਜ ਕੀਤੀ ਗਈ ਹੈ। ਰੋਪੜ ਤੋਂ ਬਾਅਦ ਪਟਿਆਲਾ 'ਚ ਮੀਂਹ ਨੇ ਸਾਰੇ ਰਿਕਾਰਡ ਤੋੜੇ ਜਿਥੇ 259.6 ਐਮਐਮ ਬਾਰਿਸ਼ ਰਿਕਾਰਡ ਕੀਤੀ ਗਈ। ਇਸਦੇ ਨਾਲ ਹੀ ਨਵਾਂ ਸ਼ਹਿਰ 'ਚ 201 ਐਮਐਮ, ਫਤਿਹਗੜ੍ਹ ਸਾਹਿਬ 176 ਐਮਐਮ, ਐਸਏਐਸ ਨਗਰ 122, ਲੁਧਿਆਣਾ 72 ਐਮਐਮ, ਫਿਰੋਜ਼ਪੁਰ 48 ਐਮਐਮ ਬਾਰਿਸ਼ ਦਰਜ ਕੀਤੀ ਗਈ।
ਪੰਜਾਬ ਸਰਕਾਰ ਨੇ ਜਾਰੀ ਕੀਤਾ ਅਲਰਟ : ਪੰਜਾਬ ਵਿਚ ਮੀਂਹ ਦੀ ਤਣਾਅਪੂਰਣ ਸਥਿਤੀ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਸੂਬੇ ਭਰ ਵਿਚ ਅਲਰਟ ਜਾਰੀ ਕੀਤਾ ਹੈ। ਪੰਜਾਬ ਦੇ 23 ਜ਼ਿਿਲ੍ਹਆਂ ਵਿਚ ਫਲੱਡ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ। ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਐਮਰਜੈਂਸੀ ਮੀਟਿੰਗ ਬੁਲਾਈ। ਇਸ ਮੀਟਿੰਗ ਵਿੱਚ ਪੁਲਿਸ, ਪਾਵਰਕਾਮ, ਪ੍ਰਸ਼ਾਸਨ, ਖੇਤੀਬਾੜੀ ਸਮੇਤ ਸਾਰੇ ਵਿਭਾਗਾਂ ਦੇ ਖੇਤਰੀ ਅਧਿਕਾਰੀਆਂ ਨੂੰ ਭਾਗ ਲੈਣ ਲਈ ਕਿਹਾ ਗਿਆ ਹੈ। ਇਸਤੋਂ ਇਲਾਵਾ ਬਚਾਅ ਕਾਰਜਾਂ ਲਈ ਕਈ ਇਲਾਕਿਆਂ ਵਿਚ ਐਨਡੀਆਰਐਫ ਦੀਆਂ ਟੀਮਾਂ ਬੁਲਾਈਆਂ ਗਈਆਂ ਹਨ। ਪੰਜਾਬ ਦੇ ਗ੍ਰਹਿ ਵਿਭਾਗ ਵੱਲੋਂ ਮੁਹਾਲੀ ਜ਼ਿਲ੍ਹੇ ਲਈ ਆਰਮੀ ਦੀ ਮੰਗ ਕੀਤੀ ਗਈ ਹੈ। ਇਸ ਲਈ ਚੰਡੀ ਮੰਦਿਰ ਕੈਂਟ ਪੰਚਕੂਲਾ ਦੇ ਸਿਵਲ ਮਿਲਟਰੀ ਐਡਵਾਈਜ਼ਰ ਨੂੰ ਪੱਤਰ ਲਿਿਖਆ ਗਿਆ ਹੈ।
1988 'ਚ ਆਇਆ ਸੀ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਹੜ੍ਹ : ਪੰਜਾਬ ਵਿਚ ਇਸਤੋਂ ਪਹਿਲਾਂ ਹੜ੍ਹ ਨਾਲ ਕਦੇ ਵੀ ਇੰਨੇ ਮਾੜੇ ਹਲਾਤ ਨਹੀਂ ਹੋਏ। ਸਾਲ 2019 ਵਿਚ ਆਏ ਹੜ੍ਹ ਨਾਲ ਦਰਿਆਈ ਇਲਾਕੇ ਪ੍ਰਭਾਵਿਤ ਹੋਏ। 1993 ਵਿਚ ਵੀ ਹੜ੍ਹ ਦੌਰਾਨ ਪੰਜਾਬ ਦਾ ਪਟਿਆਲਾ ਸ਼ਹਿਰ ਬੁਰੀ ਤਰ੍ਹਾਂ ਹੜ ਦੀ ਚਪੇਟ ਵਿਚ ਆਇਆ ਸੀ। ਸਾਲ 1988 'ਚ ਪੰਜਾਬ ਦੇ 12,989 ਪਿੰਡਾਂ ਵਿੱਚੋਂ 9,000 ਹੜ੍ਹਾਂ ਦੀ ਲਪੇਟ ਵਿੱਚ ਆ ਗਏ ਸਨ, ਜਿਨ੍ਹਾਂ ਵਿੱਚੋਂ 2,500 ਤੋਂ ਵੱਧ ਪੂਰੀ ਤਰ੍ਹਾਂ ਡੁੱਬ ਗਏ ਸਨ। ਇਹ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਹੜ੍ਹ ਸੀ ਕਿਉਂਕਿ ਇਸ ਨੇ 34 ਲੱਖ ਤੋਂ ਵੱਧ ਲੋਕਾਂ ਦਾ ਜੀਵਨ ਪ੍ਰਭਾਵਿਤ ਕੀਤਾ ਸੀ।