ਚੰਡੀਗੜ੍ਹ : ਮੌਸਮ ਵਿਭਾਗ ਨੇ ਇਕ ਵਾਰ ਫਿਰ ਚੇਤਾਵਨੀ ਦਿੱਤੀ ਹੈ। ਪੰਜਾਬ ਅਤੇ ਹਰਿਆਣਾ ਸਣੇ ਦਿੱਲੀ-ਐਨਸੀਆਰ ਵਿਚ ਬੱਦਲਵਾਈ ਰਹੇਗੀ। ਵਿਭਾਗ ਦੀ ਮੰਨੀਏ ਤਾਂ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੇਜ਼ ਹਵਾ ਚੱਲੇਗੀ ਅਤੇ ਇਸਦੇ ਨਾਲ ਹੀ ਗੜੇ ਵੀ ਪੈ ਸਕਦੇ ਹਨ। ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਪੂਰਬੀ ਉੱਤਰ ਪ੍ਰਦੇਸ਼ ਵਿੱਚ 3 ਅਪ੍ਰੈਲ ਯਾਨੀ ਕਿ ਅੱਜ ਮੌਸਮ ਖੁਸ਼ਕ ਰਹੇਗਾ ਪਰ ਆਉਣ ਵਾਲੇ ਦਿਨਾਂ ਵਿੱਚ ਮੌਸਮ ਆਪਣਾ ਮਿਜਾਜ ਬਦਲੇਗਾ। ਕਈ ਥਾਵਾਂ ਉੱਤੇ ਮੌਸਮ ਸਾਫ ਰਹੇਗਾ ਜਦੋਂਕਿ ਕਈ ਥਾਵਾਂ ਉੱਤੇ ਮੀਂਹ ਪੈਣ ਦਾ ਅਲਰਟ ਹੈ।
ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ : ਮੌਸਮ ਵਿਭਾਗ ਨੇ ਪੇਸ਼ੀਨਗੋਈ ਕੀਤੀ ਹੈ ਕਿ 5 ਅਪ੍ਰੈਲ ਤੱਕ ਪੱਛਮੀ ਹਿਮਾਲੀਆ ਖੇਤਰ ਵਿੱਚ ਕਈ ਥਾਵਾਂ ਉਤੇ ਹਲਕਾ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ। ਇਸਦੇ ਨਾਲ ਹੀ 4 ਅਪ੍ਰੈਲ ਨੂੰ ਇਨ੍ਹਾਂ ਖੇਤਰਾਂ ਵਿੱਚ ਤੇਜ਼ ਹਨੇਰੀ ਦੇ ਨਾਲ ਮੀਂਹ ਵੀ ਪੈ ਸਕਦਾ ਹੈ। ਇਸਦੇ ਨਾਲ ਹੀ ਉੱਤਰਾਖੰਡ ਦੇ ਕਈ ਇਲਾਕਿਆਂ 'ਚ 3 ਤੇ 4 ਅਪ੍ਰੈਲ ਨੂੰ ਗੜ੍ਹੇ ਪੈਣਗੇ। ਜਦੋਂ ਕਿ ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਹਰਿਆਣਾ 'ਚ ਅੱਜ ਗੜੇਮਾਰੀ ਦੇ ਆਸਾਰ ਹਨ। ਮੌਸਮ ਵਿਭਾਗ ਵਲੋਂ ਅਲਰਟ ਵੀ ਜਾਰੀ ਕੀਤਾ ਗਿਆ ਹੈ। ਇਹ ਵੀ ਕਿਹਾ ਗਿਆ ਹੈ ਕਿ 5 ਦਿਨਾਂ ਦਰਮਿਆਨ ਆਂਧਰਾ ਪ੍ਰਦੇਸ਼, ਤੇਲੰਗਾਨਾ, ਦੱਖਣੀ ਅੰਦਰੂਨੀ ਕਰਨਾਟਕ, ਤਾਮਿਲਨਾਡੂ ਅਤੇ ਕੇਰਲਾ ਵਿੱਚ ਵੀ ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ।
ਇਹ ਵੀ ਪੜ੍ਹੋ : Sidhu moosewala: ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਨਵਜੋਤ ਸਿੱਧੂ, ਪਰਿਵਾਰ ਨਾਲ ਕਰਨਗੇ ਗੱਲਬਾਤ
ਮੀਂਹ ਨਾਲ ਫਸਲਾਂ ਦਾ ਹੋ ਰਿਹਾ ਹੈ ਨੁਕਸਾਨ : ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਵਿੱਚ ਪਿਛਲੇ ਚਾਰ-ਪੰਜ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਕਿਸਾਨਾਂ ਦੀਆਂ ਖੜ੍ਹੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇੱਕ ਪਾਸੇ ਜਿੱਥੇ ਸਰਕਾਰ ਮੁਆਵਜ਼ੇ ਦਾ ਐਲਾਨ ਕਰ ਰਹੀ ਹੈ, ਉੱਥੇ ਹੀ ਦੂਜੇ ਪਾਸੇ ਮੌਸਮ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਅੱਜ ਵੀ ਪੰਜਾਬ ਅਤੇ ਹਰਿਆਣਾ ਵਿੱਚ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। ਅੱਜ ਵੀ ਮੌਸਮ ਵਿਭਾਗ ਨੇ ਦੋਵਾਂ ਰਾਜਾਂ ਵਿੱਚ ਮੀਂਹ ਅਤੇ ਗੜੇ ਪੈਣ ਦੀ ਸੰਭਾਵਨਾ ਜਤਾਈ ਹੈ। ਭਾਵ ਕਿਸਾਨਾਂ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ, ਉਥੇ ਹੀ ਲਗਾਤਾਰ ਪੈ ਰਹੇ ਮੀਂਹ ਕਾਰਨ ਖੜ੍ਹੀਆਂ ਫਸਲਾਂ ਬਰਬਾਦ ਹੋ ਰਹੀਆਂ ਹਨ। ਅੱਜ ਫਿਰ ਤੋਂ ਮੀਂਹ ਅਤੇ ਗੜੇਮਾਰੀ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਕਿਸਾਨਾਂ ਦਾ ਹੋਰ ਨੁਕਸਾਨ ਹੋ ਸਕਦਾ ਹੈ।