ਚੰਡੀਗੜ੍ਹ: ਪੰਜਾਬ ਅੰਦਰ ਬਹਿਬਲ ਕਲਾਂ ਗੋਲੀਕਾਂਡ ਤੋਂ ਇਲਾਵਾ ਬੇਅਦਬੀਆਂ ਦਾ ਮੁੱਦਾ ਹਮੇਸ਼ਾ ਹੀ ਧਾਰਮਿਕ ਹੋਣ ਦੇ ਨਾਲ ਨਾਲ ਵੱਡੇ ਸਿਆਸੀ ਮੁੱਦੇ ਵੀ ਰਹੇ ਨੇ ਅਤੇ ਪਿਛਲੇ ਲੰਮੇਂ ਸਮੇਂ ਤੋਂ ਇੰਨ੍ਹਾਂ ਮਸਲਿਆਂ ਉੱਤੇ ਵੱਖ ਵੱਖ ਤਰ੍ਹਾਂ ਦੀਆਂ ਜਾਂਚ ਟੀਮਾਂ ਅਤੇ ਕੋਰਟ ਦੇ ਫੈਸਲੇ ਆਏ ਨੇ। ਹੁਣ ਇਸ ਮਾਮਲੇ ਵਿੱਚ ਉਸ ਸਮੇਂ ਮੁੜ ਤੋਂ ਗਰਮਾਹਟ ਆ ਗਈ ਜਦੋਂ ਕੌਮੀ ਇਨਸਾਫ਼ ਮੋਰਚੇ ਦੀ ਮੀਟਿੰਗ ਪੰਜਾਬ ਸਰਕਾਰ ਨਾਲ ਹੋਈ। ਇਸ ਮਾਮਲੇ ਵਿੱਚ ਮੁੜ ਤੋਂ ਗਰਮਾਹਟ ਆਉਣ ਦਾ ਕਾਰਣ ਇਹ ਹੀ ਹੈ ਕਿ ਪੰਜਾਬ ਸਰਕਾਰ ਬਹਿਬਲ ਕਲਾਂ ਗੋਲੀ ਕਾਂਡ ਕੇਸ ਵਿੱਚ ਜਲਦੀ ਹੀ ਅਦਾਲਤ ਵਿੱਚ ਚਲਾਨ ਪੇਸ਼ ਕਰੇਗੀ। ਇਸ ਸਬੰਧੀ ਫ਼ੈਸਲਾ ਸੂਬਾ ਸਰਕਾਰ ਅਤੇ ਕੌਮੀ ਇਨਸਾਫ਼ ਮੋਰਚਾ ਦੇ ਆਗੂਆਂ ਨਾਲ ਪਿਛਲੇ ਦਿਨੀਂ ਹੋਈ ਮੀਟਿੰਗ ਵਿੱਚ ਲਿਆ ਗਿਆ। ਇਸ ਮੀਟਿੰਗ ਵਿੱਚ ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਤੋਂ ਇਲਾਵਾ ਕੌਮੀ ਇਨਸਾਫ਼ ਮੋਰਚਾ ਦੇ ਆਗੂ ਐਡਵੋਕੇਟ ਅਮਰ ਸਿੰਘ ਚਾਹਲ, ਪਾਲ ਸਿੰਘ ਫਰਾਂਸ ਅਤੇ ਬਲਵਿੰਦਰ ਸਿੰਘ ਸ਼ਾਮਲ ਸਨ। ਇਸ ਅਹਿਮ ਮੀਟਿੰਗ ਦੌਰਾਨ ਮੰਤਰੀਆਂ ਨੇ ਮੋਰਚਾ ਦੇ ਵਫ਼ਦ ਨੂੰ ਦੱਸਿਆ ਕਿ ਸੂਬਾ ਸਰਕਾਰ ਬਹਿਬਲ ਕਲਾਂ ਗੋਲੀ ਕਾਂਡ ਸਬੰਧੀ ਜਲਦੀ ਹੀ ਅਦਾਲਤ ਵਿੱਚ ਚਲਾਨ ਪੇਸ਼ ਕਰੇਗੀ।
ਕੀ ਹੈ ਬਰਗਾੜੀ ਕਾਂਡ: ਦੱਸ ਦਈਏ ਸਾਲ 2015 ਨੂੰ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ ਸੀ। ਇਸ ਦੇ ਅੰਗ ਪਿੰਡ ਬਰਗਾੜੀ ਵਿੱਚ ਮਿਲਣ ਤੋਂ ਬਾਅਦ ਕੋਟਕਪੂਰਾ ਅਤੇ ਬਹਿਬਲ ਕਲਾਂ ਵਿੱਚ ਧਰਨਾ ਪ੍ਰਦਰਸ਼ਨ ਹੋਏ ਸਨ ਅਤੇ ਗੋਲੀ ਚੱਲੀ ਸੀ। 2015 ਵਿਚ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਬਗਰਾੜੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ ਵਿੱਚ ਧਰਨਾ ਦੇ ਰਹੇ ਲੋਕਾਂ ਉੱਤੇ ਪੁਲਿਸ ਨੇ ਬਹਿਬਲ ਕਲਾਂ ਵਿੱਚ ਗੋਲੀ ਚਲਾ ਦਿੱਤੀ ਸੀ। ਇਸ ਗੋਲੀ ਕਾਂਡ ਵਿਚ 2 ਜਣਿਆਂ ਦੀ ਮੌਤ ਹੋ ਗਈ ਅਤੇ ਕਈ ਜਖ਼ਮੀ ਹੋ ਗਏ। ਇਸ ਗੋਲੀਕਾਂਡ ਦੇ ਪੀੜਤਾਂ ਨੂੰ ਇਨਸਾਫ਼ ਦੁਆਉਣ ਲਈ ਲਗਾਤਾਰ ਵੱਖ-ਵੱਖ ਧਰਨੇ ਲੱਗਦੇ ਰਹੇ ਨੇ।
ਤਤਕਾਲੀ ਸਰਕਾਰ ਉੱਤੇ ਸਵਾਲ: ਇਸ ਗੋਲੀਕਾਂਡ ਤੋਂ ਬਾਅਦ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਗਾਤਾਰ ਸਵਾਲਾਂ ਦੀ ਰਡਾਰ ਉੱਤੇ ਆਏ ਸਨ। ਉਸ ਸਮੇਂ ਵਿਰੋਧੀਆਂ ਅਤੇ ਲੋਕਾਂ ਨੇ ਸਵਾਲ ਚੁੱਕੇ ਸਨ ਕਿ ਬੇਅਦਬੀ ਖ਼ਿਲਾਫ਼ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਲੋਕਾਂ ਉੱਤੇ ਗੋਲੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ ਅਤੇ ਪੁਲਿਸ ਤੋਂ ਇਲਾਵਾ ਇੰਨ੍ਹਾਂ ਕਤਲਾਂ ਲਈ ਹੋਰ ਜ਼ਿੰਮੇਵਾਰ ਕੌਣ ਹੈ। ਇਸ ਤੋਂ ਇਲਾਵਾ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਦਲੇ ਨੇ ਜਿੱਥੇ ਮਸਲੇ ਤੋਂ ਖੁੱਦ ਨੂੰ ਅਣਜਾਣ ਦੱਸਿਆ ਸੀ ਉੱਥੇ ਹੀ ਪੰਜਾਬ ਦੇ ਤਤਕਾਲੀ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਜਦੋਂ ਇਹ ਘਟਨਾ ਹੋਈ ਤਾਂ ਉਹ ਪੰਜਾਬ ਵਿੱਚ ਮੌਜੂਦ ਹੀ ਨਹੀਂ ਸਨ।
ਇਹ ਵੀ ਪੜ੍ਹੋ: CM Bhagwant Mann meet Amit Shah: ਭਲਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ