ਚੰਡੀਗੜ੍ਹ: ਪੰਜਾਬ ਸਿੱਖਿਆ ਵਿਭਾਗ ਵੱਲੋਂ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ 19 ਜਨਵਰੀ ਦਿਨ ਐਤਵਾਰ ਨੂੰ ਲਿਆ ਜਾ ਰਿਹਾ ਹੈ । ਇਸ ਬਾਰੇ ਸਕੂਲ ਸਿੱਖਿਆ ਸਕੱਤਰ-ਕਮ-ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ 19 ਜਨਵਰੀ ਨੂੰ ਹੋਣ ਵਾਲ਼ੇ ਅਧਿਆਪਕ ਯੋਗਤਾ ਟੈਸਟ ਲਈ ਰੋਲ ਨੰਬਰ ਦੁਬਾਰਾ ਨਵੇਂ ਸਿਰੇ ਤੋਂ ਜਾਰੀ ਕੀਤੇ ਗਏ ਹਨ।
ਉਹਨਾਂ ਦੱਸਿਆ ਕਿ ਵਿਭਾਗ ਨੂੰ ਪ੍ਰਾਪਤ ਹੋਈਆਂ ਖੂਫ਼ੀਆ ਰਿਪੋਰਟਾਂ ਕਰਕੇ ਹੀ ਅਧਿਆਪਕ ਯੋਗਤਾ ਟੈਸਟ ਦੀ ਮਿਤੀ ਬਦਲੀ ਗਈ ਸੀ ਕਿਉਂਕਿ ਕੁੱਝ ਥਾਵਾਂ ‘ਤੇ ਆਨਲਾਈਨ ਅਰਜ਼ੀਆਂ ਇਸ ਤਰ੍ਹਾਂ ਯੋਜਨਾਬੱਧ ਢੰਗ ਨਾਲ਼ ਭਰੀਆਂ ਗਈਆਂ ਸਨ ਤਾਂ ਕਿ ਆਪਸੀ ਜਾਣ-ਪਹਿਚਾਣ ਵਾਲ਼ੇ ਉਮੀਦਵਾਰਾਂ ਦੇ ਰੋਲ ਨੰਬਰ ਇਕੱਠੇ ਆ ਸਕਣ। ਇਸੇ ਸਥਿਤੀ ਨੂੰ ਭਾਂਪਦਿਆਂ ਵਿਭਾਗ ਵੱਲੋਂ ਅਧਿਆਪਕ ਯੋਗਤਾ ਟੈਸਟ ਦੀ ਮਿਤੀ ਬਦਲ ਦਿੱਤੀ ਗਈ ਸੀ।
ਉਹਨਾਂ ਸਮੂਹ ਉਮੀਦਵਾਰਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਨਕਲ ਅਤੇ ਹੋਰ ਕਿਸੇ ਵੀ ਪ੍ਰਕਾਰ ਦੀ ਗੈਰ-ਕਾਨੂੰਨੀ ਹਰਕਤ ਕਰਨ ਤੋਂ ਗ਼ੁਰੇਜ਼ ਕਰਨ ਕਿਉਂਕਿ ਅਜਿਹੀ ਸਥਿਤੀ ਵਿੱਚ ਉਮੀਦਵਾਰ ਪ੍ਰਤੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਹਨਾਂ ਸਮੂਹ ਮਾਪਿਆਂ ਨੂੰ ਵੀ ਸੰਬੋਧਿਤ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਨਕਲ ਰਹਿਤ ਸਾਫ਼-ਸੁਥਰਾ ਇਮਤਿਹਾਨ ਦੇਣ ਲਈ ਪ੍ਰੇਰਿਤ ਕਰਨ ਜਿਸ ਨਾਲ਼ ਕਿਸੇ ਵੀ ਉਮੀਦਵਾਰ ਦਾ ਭਵਿੱਖ ਖ਼ਰਾਬ ਨਾ ਹੋਵੇ।
ਉਹਨਾਂ ਅਧਿਆਪਕ ਯੋਗਤਾ ਟੈਸਟ ਦੇ ਪ੍ਰੀਖਿਆ ਕੇਂਦਰਾਂ ਦੇ ਪ੍ਰਬੰਧਾਂ ਬਾਰੇ ਬੋਲਦਿਆਂ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਪ੍ਰੀਖਿਆ ਦਾ ਪੁਖ਼ਤਾ ਪ੍ਰਬੰਧ ਕੀਤਾ ਗਿਆ ਹੈ। ਸਮੂਹ ਉਮੀਦਵਾਰ ਹੇਠਾਂ ਦਿੱਤੀ ਗਈ ਵੈਬਸਾਈਟ ਤੋਂ ਆਪਣੇ-ਆਪਣੇ ਨਵੇਂ ਰੋਲ ਨੰਬਰ ਪ੍ਰਾਪਤ ਕਰ ਸਕਦੇ ਹਨ।
ਵੈਬਸਾਈਟ ਦੇ ਲਿੰਕ ਹੇਠਾਂ ਦਿੱਤੇ ਹਨ।
www.pstet.net www.pseb.ac.in