ਚੰਡੀਗੜ੍ਹ : ਪੰਜਾਬ ਕਾਂਗਰਸ ਵੱਲੋਂ ਐਸਵਾਈਐਲ ਦੇ ਮੁੱਦੇ ਉੱਤੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਾਂਗਰਸ ਆਗੂਆਂ ਨੇ ਚੰਡੀਗੜ੍ਹ ਵਿੱਚ ਰਾਜ ਭਵਨ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਝੜਪ ਵੀ ਗਈ ਹੈ ਤੇ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪਾਣੀ ਦੀਆਂ ਬੁਛਾੜਾਂ ਮਾਰੀਆਂ। ਇਸ ਮੌਕੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਕੁਝ ਕਾਂਗਰਸੀ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸਰਕਾਰ ਉੱਤੇ ਜੰਮ ਕੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਇਸ ਮੁੱਦੇ ਕਾਰਨ ਪੰਜਾਬ ਦੇ ਹਾਲਾਤ ਖਰਾਬ ਹੋ ਜਾਣਗੇ। ਇਹ ਵੱਡਾ ਪ੍ਰਦਰਸ਼ਨ ਰਾਜਾ ਵੜਿੰਗ ਅਤੇ ਪ੍ਰਤਾਪ ਬਾਜਵਾ ਦੀ ਅਗਵਾਈ ਵਿੱਚ ਹੋ ਰਿਹਾ ਹੈ।
ਪੁਲਿਸ ਨੇ ਹਿਰਾਸਤ 'ਚ ਲਏ ਕਾਂਗਰਸੀ: ਰਾਜ ਭਵਨ ਦਾ ਘਿਰਾਓ ਕਰਨ ਜਾ ਰਹੇ ਕਾਂਗਰਸ ਦੇ ਨੇਤਾਵਾਂ ਤੇ ਹੋਰ ਪ੍ਰਦਰਸ਼ਨਕਾਰੀ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਰਾਜ ਭਵਨ ਵੱਲ ਵੱਧ ਰਹੇ ਕਾਂਗਰਸੀ ਆਗੂਆਂ ਉੱਤੇ ਪੁਲਿਸ ਵਲੋਂ ਪਾਣੀ ਦੀ ਬੁਛਾੜਾਂ ਵੀ ਕੀਤੀਆਂ ਗਈਆਂ। ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਪੰਜਾਬ ਸਰਕਾਰ ’ਤੇ ਐਸਵਾਈਐਲ ਦੇ ਮੁੱਦੇ ’ਤੇ ਸੂਬੇ ਨੂੰ ਨਜ਼ਰਅੰਦਾਜ਼ ਕਰਨ ਦਾ ਇਲਜ਼ਾਮ ਲਾਇਆ। ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਉਹ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਵੀ ਕਿਸੇ ਹੋਰ ਸੂਬੇ ਨੂੰ ਨਹੀਂ ਜਾਣ ਦੇਣਗੇ। ਉਨ੍ਹਾਂ ਪੰਜਾਬ ਸਰਕਾਰ 'ਤੇ ਸੂਬੇ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰਨ ਦਾ ਇਲਜ਼ਾਮ ਲਗਾਉਣ ਦੇ ਨਾਲ-ਨਾਲ ਇਹ ਵੀ ਕਿਹਾ ਕਿ ਉਹ ਮੁੱਖ ਮੰਤਰੀ ਵੱਲੋਂ ਇਸ ਮਾਮਲੇ 'ਤੇ ਬਹਿਸ ਲਈ ਵਿਰੋਧੀ ਧਿਰ ਨੂੰ ਦਿੱਤੀ ਗਈ ਚੁਣੌਤੀ ਨੂੰ ਸਵੀਕਾਰ ਕਰਦੇ ਹਨ।
ਪੰਜਾਬ ਨੂੰ ਰੇਗਿਸਤਾਨ ਨਹੀਂ ਬਣਾਉਣਾ : ਕਾਂਗਰਸ ਦੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ, ਅਸੀਂ ਰਾਜਪਾਲ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਪੰਜਾਬ ਕੋਲ ਪਾਣੀ ਨਹੀਂ ਹੈ, ਜੋ ਅਸੀ ਸ਼ੇਅਰ ਕਰੀਏ। ਜੇਕਰ ਇੱਥੇ ਜ਼ਮੀਨਾਂ ਦੀ ਐਕਵਾਇਰ ਦਾ ਕੰਮ ਸ਼ੁਰੂ ਹੁੰਦਾ ਹੈ, ਤਾਂ ਪੰਜਾਬ ਨੂੰ ਮੁੜ ਤੰਗ ਕਰਨ ਵਾਲਾ ਕੰਮ ਹੋਵੇਗਾ। ਨੈਸ਼ਨਲ ਕਾਨੂੰਨ ਮੁਤਾਬਕ, ਜੋ ਪੰਜਾਬ ਕੋਲ ਪਾਣੀ ਹੈ, ਪਹਿਲਾਂ ਉਹ ਵਰਤੋਂ ਕਰੇਗਾ, ਜੇਕਰ ਵਾਧੂ ਪਾਣੀ ਹੈ, ਤਾਂ ਸ਼ੇਅਰ ਕਰ ਸਕਦੇ ਹਾਂ। ਅਸੀਂ ਪਹਿਲਾਂ ਹੀ, ਰਾਜਸਥਾਨ ਤੇ ਹਿਮਾਚਲ ਨੂੰ ਪਾਣੀ ਦੇ ਰਹੇ ਹਾਂ। ਪ੍ਰਤਾਪ ਬਾਜਵਾ ਨੇ ਕਿਹਾ ਕਿ ਅਸੀ ਹੱਸਦੇ ਪੰਜਾਬ ਨੂੰ ਰੇਗਿਸਤਾਨ ਨਹੀਂ ਬਣਾਉਣਾ ਚਾਹੁੰਦੇ। ਇਸ ਲਈ ਅਸੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਗੱਲ ਕਰਨਾ ਚਾਹੁੰਦੇ ਹਾਂ।
ਆਪ ਸਰਕਾਰ ਉੱਤੇ ਲੋਕਾਂ ਨੂੰ ਯਕੀਨ ਨਹੀਂ: ਪ੍ਰਤਾਪ ਬਾਜਵਾ ਨੇ ਪੰਜਾਬ ਦੀ ਆਪ ਸਰਕਾਰ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਸਰਕਾਰ ਉੱਤੇ ਕੋਈ ਵਿਸ਼ਵਾਸ ਨਹੀਂ ਹੈ। ਪੀਐਮ ਮੋਦੀ ਵਲੋਂ ਵੀ ਭਾਸ਼ਣ ਦੌਰਾਨ ਪੰਜਾਬ ਦੇ ਐਸਵਾਈਐਲ ਨੂੰ ਲੈ ਕੇ ਬਿਆਨ ਦਿੱਤਾ ਹੈ। ਇੱਕ ਪਾਸੇ ਹਰਪਾਲ ਚੀਮਾ ਪੰਜਾਬ ਦੇ ਪਾਣੀ ਦੇ ਹੱਕਾਂ ਦੀ ਗੱਲ ਕਰਦਾ ਹੈ, ਦੂਜੇ ਪਾਸੇ ਆਪ ਦਾ ਬੁਲਾਰਾ ਅਸ਼ੋਕ ਕੰਵਰ ਪੰਜਾਬ ਦਾ ਪਾਣੀ ਹਰਿਆਣਾ ਨੂੰ ਦਿਵਾਉਣ ਦੀ ਗੱਲ ਕਰਦਾ ਹੈ। ਹੁਣ ਮਾਨ ਵਲੋਂ ਡਿਬੇਟ ਵਾਲੇ ਨਵੇਂ ਟਵੀਟ ਕੀਤੇ ਗਏ, ਜੋ ਕਿ ਅਸਲ ਮੁੱਦਾ ਭੱਟਕਾਉਣਾ ਚਾਹੁੰਦੇ ਹਨ।
ਰਾਜਪਾਲ ਨੇ ਚੁੱਪੀ ਧਾਰੀ, ਜਦਕਿ ਕੇਂਦਰ ਸਰਕਾਰ ਨਾਲ ਕਰਨੀ ਚਾਹੀਦੀ ਗੱਲ : ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ, 'ਅੱਜ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ। ਜਿਸ ਤਰ੍ਹਾਂ ਦੇ ਮੁੱਦੇ ਪਿਛਲੇ ਦਿਨਾਂ ਤੋਂ ਕੇਂਦਰ ਸਰਕਾਰ ਵਲੋਂ ਉਛਾਲੇ ਜਾ ਰਹੇ ਹਨ, ਫਿਰ ਚਾਹੇ ਉਹ ਭਾਖੜਾ ਡੈਮ ਦੇ ਮੈਨੇਜਰ ਨੂੰ ਲੈ ਕੇ ਹੋਣ, ਚੰਡੀਗੜ੍ਹ ਵਿੱਚ ਹਰਿਆਣਾ ਨੂੰ ਵਿਧਾਨ ਸਭਾ ਦੇਣਾ ਹੋਵੇ ਜਾਂ SYL ਵਰਗਾ ਵੱਡਾ ਮੁੱਦਾ ਹੋਵੇ, ਇਨ੍ਹਾਂ ਨੂੰ ਫੈਡਰਲ ਢਾਂਚੇ ਦੀਆਂ ਧੱਜੀਆਂ ਉਡਾਉਂਦੇ ਹੋਏ, ਸੁਪਰੀਮ ਕੋਰਟ ਦੇ ਹਵਾਲੇ ਕਰ ਦਿੱਤਾ ਗਿਆ। ਕੇਂਦਰ ਸਰਕਾਰ ਵਲੋਂ ਲਗਾਤਾਰ ਪੰਜਾਬ ਨਾਲ ਨਾ-ਇਨਸਾਫੀ ਕੀਤੀ ਜਾ ਰਹੀ ਹੈ। ਪਹਿਲਾਂ ਕਿਸਾਨ ਦੇ ਕਾਨੂੰਨ ਨੂੰ ਲੈ ਕੇ ਸਾਜਿਸ਼ ਰਚੀ ਜਿਸ ਵਿੱਚ ਕੇਂਦਰ ਸਰਕਾਰ ਫੇਲ੍ਹ ਹੋਈ। ਆਰਐਸਐਸ ਦੀ ਵਿਚਾਰਧਾਰਾ ਤਹਿਤ ਭਾਜਪਾ ਪੂਰੇ ਦੇਸ਼ ਵਿੱਚ ਰਾਜ ਕਰ ਸਕਦੀ ਹੈ, ਪਰ ਪੰਜਾਬ ਵਿੱਚ ਅਜਿਹਾ ਨਹੀਂ ਚੱਲੇਗਾ।'
ਰਾਜਾ ਵੜਿੰਗ ਨੇ ਕਿਹਾ ਕਿ ਪਹਿਲਾਂ ਵੀ ਨਹਿਰ ਦੇ ਨਿਰਮਾਣ ਦਾ ਕੰਮ ਚੱਲਿਆ, ਫਿਰ ਸਭ ਨੂੰ ਪਤਾ ਕਿ ਖੂਨ-ਖਰਾਬਾ ਹੋਇਆ। ਪਰ, ਹੁਣ ਅਜਿਹਾ ਨਹੀਂ ਹੋਵੇਗਾ। ਮੈਂ ਹੈਰਾਨ ਹਾਂ ਕਿ ਰਾਜਪਾਲ ਸਾਬ੍ਹ ਚੁੱਪ ਧਾਰ ਕੇ ਬੈਠੇ ਹਨ, ਉਲਟਾ ਉਨ੍ਹਾਂ ਨੂੰ ਦਿੱਲੀ ਜਾ ਕੇ ਐਸਵਾਈਐਲ ਦਾ ਮੁੱਦਾ ਸੁਲਝਾਉਣਾ ਚਾਹੀਦਾ ਹੈ।
ਮੁੱਦੇ ਨੂੰ ਭਟਕਾ ਰਹੀ ਆਪ ਸਰਕਾਰ: ਰਾਜਾ ਵੜਿੰਗ ਨੇ ਪੰਜਾਬ ਦੀ ਆਪ ਸਰਕਾਰ ਉੱਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ, "ਆਪ ਸਰਕਾਰ ਵਲੋਂ ਵੀ ਟਵਿੱਟ ਵਾਰ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਮੁੱਦੇ ਉੱਤੇ ਗੱਲ ਕਰਨੀ ਚਾਹੀਦੀ ਹੈ, ਪਰ ਇਹ ਨਵੀਆਂ ਪਿਰਤਾਂ ਪਾ ਰਹੇ ਹਨ। ਪਰ, ਫਿਰ ਵੀ ਅਸੀਂ ਮਾਨ ਵਲੋਂ ਬਹਿਸ ਵਲੋਂ ਦਿੱਤੇ ਸੱਦੇ ਨੂੰ ਅਸੀਂ ਮਨਜ਼ੂਰ ਕਰਦੇ ਹਾਂ। ਮੰਤਰੀ ਨੂੰ ਕਹਿਣਾ ਚਾਹੀਦਾ ਹੈ ਜੇਕਰ ਉਹ ਵਿਧਾਨ ਸਭਾ ਵਿੱਟ ਜਵਾਬ ਨਹੀਂ ਦੇ ਸਕਦਾ ਤਾਂ ਬਾਹਰ ਆ ਕੇ ਦਿੰਦਾ, ਦੱਸੋ ਕਿੱਥੇ ਆਉਣਾ ਹੈ। ਅਸੀਂ ਵੀ ਬਹਿਸ ਕਰਨ ਲਈ ਤਿਆਰ ਹਾਂ ਅਥੇ ਹਰ ਸਵਾਲਾਂ ਦੇ ਜਵਾਬ ਹਰ ਇੱਕ ਲਈ ਇੱਕੋਂ ਮੰਚ ਤੋਂ ਦਿੱਤੇ ਜਾਣਗੇ, ਕੋਈ ਵਿਰੋਧੀ ਧਿਰ ਜਾਂ ਮੁੱਖ ਮੰਤਰੀ ਵਜੋਂ ਨਹੀਂ ਬੋਲੇਗਾ। ਪਰ, ਅਸਲ ਵਿੱਚ ਮਾਨ ਸਰਕਾਰ ਐਸਵਾਈਐਲ ਦੇ ਮੁੱਦੇ ਨੂੰ ਭਟਕਾ ਰਹੀ ਹੈ।"