ਚੰਡੀਗੜ੍ਹ: ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਭਾਰਤ ਵਿੱਚ ਇਸ ਨੂੰ ਫੈਲਣ ਤੋਂ ਰੋਕਣ ਲਈ ਤਾਲਾਬੰਦੀ ਕੀਤੀ ਗਈ ਹੈ ਅਤੇ ਪੰਜਾਬ ਵਿੱਚ ਕਰਫਿਊ ਲਗਾਇਆ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵਿੱਟਰ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਕਰਫਿਊ 'ਚ ਢਿੱਲ ਨੂੰ ਲੈ ਕੇ ਗੱਲਬਾਤ ਕੀਤੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ-19 ਵਿਰੁੱਧ ਲੜਨ ਵਿੱਚ ਪੰਜਾਬ ਅਤੇ ਭਾਰਤ ਬਾਕੀ ਵਿਸ਼ਵ ਨਾਲੋਂ ਬਿਹਤਰ ਹੈ ਕਿਉਂਕਿ ਅਸੀਂ ਛੇਤੀ ਹੀ ਤਾਲਾਬੰਦੀ ਕਰ ਦਿੱਤੀ ਸੀ। ਇਹ ਲੜਾਈ ਸਿਰਫ ਅੱਧੀ ਜਿੱਤੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਰਫਿਊ ਕਾਰਨ ਸਾਰੇ ਕੰਮਕਾਜ ਠੱਪ ਪਏ ਹਨ ਇਸੇ ਲਈ ਕੁੱਝ ਥਾਵਾਂ ਉੱਤੇ ਕਰਫਿਊ ਵਿੱਚ ਕੁੱਝ ਢਿੱਲ ਦਿੱਤੀ ਜਾਵੇਗੀ। ਇਸ ਦੌਰਾਨ ਬਚਾਅ ਕਰਨਾ ਸਾਰਿਆਂ ਦੀ ਆਪਣੀ ਜਿੰਮੇਵਾਰੀ ਹੈ ਕਿਉਂਕਿ ਜੇ ਸਾਵਧਾਨੀ ਨਾ ਵਰਤੀ ਗਈ ਤਾਂ ਕੋਰੋਨਾ ਦੇ ਮਾਮਲੇ ਹੋਰ ਵੱਧ ਜਾਣਗੇ।
ਫਸਲ ਦੀ ਗੱਲ ਕਰੀਏ ਤਾਂ ਮੰਡੀਆਂ ਵਿੱਚ ਕਾਫੀ ਮਾਤਰਾ ਵਿੱਚ ਕਣਕ ਆ ਰਹੀ ਹੈ ਜੋ ਕਿ ਪਿਛਲੇ ਸਾਲ ਨਾਲੋਂ ਇਸ ਵਾਰ ਜ਼ਿਆਦਾ ਆਈ ਹੈ। ਇਸ ਸਾਲ ਝਾੜ ਜ਼ਿਆਦਾ ਹੋਇਆ ਹੈ ਜਿਸ ਨਾਲ ਕਿਸਾਨਾਂ ਦੀ ਆਮਦਨ ਵਧੇਗੀ ਅਤੇ ਦੇਸ਼ ਵਿੱਚ ਵੀ ਅੰਨ ਵਧੇਗਾ।
ਇਸ ਦੇ ਨਾਲ ਹੀ ਉਨ੍ਹਾਂ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਫੇਫੜਿਆਂ ਦੀ ਬਿਮਾਰੀ ਹੈ ਅਤੇ ਇਸ ਵਾਰ ਬਿਲਕੁਲ ਵੀ ਵਾਢੀ ਤੋਂ ਬਾਅਦ ਅੱਗ ਨਾ ਲਗਾਈ ਜਾਵੇ। ਨਹੀਂ ਤਾਂ ਕੋਵਿਡ-19 ਦੀ ਸਥਿਤੀ ਹੋਰ ਵਿਗੜ ਜਾਵੇਗੀ ਤੇ ਮਰੀਜ਼ਾਂ ਨੂੰ ਹੋਰ ਨੁਕਸਾਨ ਪਹੁੰਚੇਗਾ।
ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਬਚਾਅ ਲਈ ਕੋਈ ਦਵਾਈ ਨਹੀਂ ਹੈ ਇਸ ਤੋਂ ਬਚਾਅ ਦਾ ਉਪਾਅ ਹੈ ਕਿ ਸਮਾਜਿਕ ਦੂਰੀ ਬਣਾ ਕੇ ਰੱਖੇ, ਭੀੜਭਾੜ ਵਾਲੀਆਂ ਥਾਵਾਂ ਉੱਤੇ ਨਾ ਜਾਓ। ਅਸੀਂ ਨਹੀਂ ਚਾਹੁੰਦੇ ਕਿ ਹੋਰ ਪੰਜਾਬੀ ਇਸ ਦੀ ਚਪੇਟ ਵਿੱਚ ਆਉਣ।
ਅਸੀਂ ਵਾਰ-ਵਾਰ ਸਾਰਿਆਂ ਨਾਲ ਸੋਸ਼ਲ ਮੀਡੀਆ ਰਾਹੀਂ ਜੁੜਾਂਗੇ ਅਤੇ ਕੋਵਿਡ-19 ਦੀ ਸਥਿਤੀ ਬਾਰੇ ਦੱਸਾਂਗੇ ਕਿਉਂਕਿ ਅਸੀਂ ਇਸ ਬਾਰੇ ਕੋਈ ਵੀ ਲੁਕੋ ਨਹੀਂ ਰੱਖਣਾ ਚਾਹੁੰਦੇ। ਕੋਰੋਨਾ ਵਿਰੁੱਧ ਲੜਾਈ ਦਾ ਨਾਂਅ 'ਆਪ੍ਰੇਸ਼ਨ ਫਤਿਹ' ਰੱਖਿਆ ਗਿਆ ਹੈ। ਉਨ੍ਹਾਂ ਇਸ ਲੜਾਈ ਵਿੱਚ ਸਾਥ ਦੇ ਰਹੇ ਪੁਲਿਸ ਮੁਲਾਜ਼ਮਾਂ, ਹੋਰ ਬਾਕੀ ਅਧਿਕਾਰੀਆਂ ਅਤੇ ਪੰਜਾਬੀਆਂ ਨੂੰ ਧੰਨਵਾਦ ਕੀਤਾ।