ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਸਰਬ ਪਾਰਟੀ ਮੀਟਿੰਗ ਸੱਦੀ ਹੈ। ਇਸ ਮੀਟਿੰਗ 'ਚ ਸੂਬੇ ਅੰਦਰ ਦਿਨੋ ਦਿਨ ਘੱਟਦੇ ਜਾ ਰਹੇ ਪਾਣੀ ਦੇ ਪੱਧਰ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ। 17 ਜਨਵਰੀ ਨੂੰ ਬੁਲਾਏ ਗਏ ਸਪੈਸ਼ਲ ਸੈਸ਼ਨ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਆਲ ਪਾਰਟੀ ਮੀਟਿੰਗ ਮਿੱਥੀ ਸੀ।
ਇਸ ਮੀਟਿੰਗ 'ਚ ਹਰਿਆਣਾ ਨਾਲ ਚੱਲ ਰਹੇ ਸਤਲੁਜ ਯਮੁਨਾ ਲਿੰਕ ਦੇ ਵਿਵਾਦ 'ਤੇ ਵਿਚਾਰ-ਚਰਚਾ ਹੋਵੇਗੀ। ਇਸ ਤੋਂ ਇਲਾਵਾ ਧਰਤੀ ਹੇਠਲੇ ਗੰਧਲੇ ਹੋ ਰਹੇ ਪਾਣੀ, ਉਦਯੋਗ ਕਾਰਨ ਪ੍ਰਦੂਸ਼ਿਤ ਹੋ ਰਹੇ ਪਾਣੀ 'ਤੇ ਗੱਲਬਾਤ ਹੋਵੇਗੀ। ਇਨ੍ਹਾਂ ਸਮੱਸਿਆਂ ਨਾਲ ਨਜਿੱਠਣ ਲਈ ਹੱਲ ਲੱਭਣ ਦੀ ਵੀ ਕੋਸ਼ਿਸ਼ ਕੀਤੀ ਜਾਵੇਗੀ।
ਮੁੱਖ ਮੰਤਰੀ ਵੱਲੋਂ ਮੀਟਿੰਗ ਬੁਲਾਏ ਜਾਣ ਤੋਂ ਬਾਅਦ ਵਿਰੋਧੀ ਧਿਰ ਖੁਸ਼ ਨਜ਼ਰ ਆ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ ਕਾਫ਼ੀ ਸਮੇਂ ਤੋਂ ਮੀਟਿੰਗ ਬੁਲਾਉਣ ਦੀ ਮੰਗ ਕਰ ਰਹੀ ਸੀ। ਇਸ ਤੋਂ ਇਲਾਵਾ ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ ਵੀ ਸੂਬਿਆਂ ਨਾਲ ਚੱਲ ਰਹੇ ਪਾਣੀ ਦੇ ਮੁੱਦਿਆਂ ਨੂੰ ਜ਼ੋਰ-ਸ਼ੋਰ ਨਾਲ ਚੁੱਕਦੀ ਆਈ ਹੈ।
ਵਿਰੋਧੀ ਧਿਰ ਕਾਂਗਰਸ ਸਰਕਾਰ 'ਤੇ ਸਦਨ 'ਚ ਬਹਿਸ ਨਾ ਕਰਨ ਦਾ ਇਲਜ਼ਾਮ ਲਗਾਉਂਦੇ ਆਏ ਹਨ। ਇਸ ਮੀਟਿੰਗ ਰਾਹੀਂ ਉਨ੍ਹਾਂ ਕੋਲ ਮੌਕਾ ਹੋਵੇਗਾ ਸਰਕਾਰ ਅੱਗੇ ਆਪਣੀਆਂ ਗੱਲਾਂ ਰੱਖਣ ਦਾ।