ਚੰਡੀਗੜ੍ਹ: ਭਗਵੰਤ ਮਾਨ ਦੀ ਕੈਬਨਿਟ ਵਿੱਚ ਗੁਰਮੀਤ ਸਿੰਘ ਖੁੱਡੀਆਂ ਅਤੇ ਬਲਕਾਰ ਸਿੰਘ ਨੂੰ ਨਵੇਂ ਮੰਤਰੀ ਵਜੋਂ ਸ਼ਾਮਲ ਕੀਤਾ ਜਾ ਸਕਦਾ ਹੈ। ਇੰਦਰਬੀਰ ਸਿੰਘ ਨਿੱਝਰ ਨੇ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਹੈ। ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸਹੁੰ ਚੁੱਕ ਸਮਾਗਮ ਲਈ ਰਾਜਪਾਲ ਬਨਵਾਰੀਲਾਲ ਪੁਰੋਹਿਤ ਤੋਂ ਸਮਾਂ ਮੰਗਿਆ ਹੈ। 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਬੁੱਧਵਾਰ ਨੂੰ ਚੰਡੀਗੜ੍ਹ 'ਚ ਹੋਣਗੇ।
ਇਹ ਹੋਣਗੇ ਨਵੇਂ ਮੰਤਰੀ: ਸਹੁੰ ਚੁੱਕ ਸਮਾਗਮ 11:00 ਵਜੇ ਹੋ ਸਕਦਾ ਹੈ। ਇਸ ਸਮਾਗਮ ਵਿੱਚ ਪੰਜਾਬ ਕੈਬਿਨੇਟ ਦਾ ਵਿਸਤਾਰ ਹੋਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਲੋਕਲ ਬਾਡੀ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਅਸਤੀਫਾ ਦੇ ਦਿੱਤਾ ਹੈ ਉਨ੍ਹਾਂ ਦਾ ਅਸਤੀਫਾ ਮੁੱਖ ਮੰਤਰੀ ਨੇ ਗਵਰਨਰ ਨੂੰ ਭੇਜ ਦਿੱਤਾ ਹੈ। ਕਿਆਸ ਰਾਈਆਂ ਲਗਾਈਆਂ ਦਾ ਰਹੀਆਂ ਹਨ ਕਿ ਹੁਣ ਗੁਰਮੀਤ ਸਿੰਘ ਖੁੱਡੀਆਂ ਨਵੇਂ ਮੰਤਰੀ ਹੋਣਗੇ ਇਸ ਦੇ ਨਾਲ ਹੀ ਬਲਕਾਰ ਸਿੰਘ ਨੂੰ ਵੀ ਕੈਬਨਿਟ ਵਿੱਚ ਜਗ੍ਹਾਂ ਮਿਲ ਸਕਦੀ ਹੈ।
ਇਸ ਤੋਂ ਪਹਿਲਾਂ ਵੀ ਪੰਜਾਬ ਕੈਬਨਿਟ ਦੇ ਕਈ ਮੰਤਰੀ ਆਪਣੀ ਕੁਰਸੀ ਗੁਆ ਚੁੱਕੇ ਹਨ। ਫੌਜਾ ਸਿੰਘ ਸਰਾਰੀ 'ਆਪ' ਸਰਕਾਰ 'ਚ ਮੰਤਰੀ ਦਾ ਅਹੁਦਾ ਗਵਾਉਣ ਵਾਲੇ ਦੂਜੇ ਮੰਤਰੀ ਸਨ।ਉਨ੍ਹਾਂ ਤੋਂ ਪਹਿਲਾਂ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੂੰ ਵੀ ਅਹੁਦੇ ਤੋਂ ਲਾਹ ਦਿੱਤਾ ਗਿਆ ਸੀ। ਇੰਦਰਬੀਰ ਸਿੰਘ ਨਿੱਝਰ ਤੀਜੇ ਮੰਤਰੀ ਹਨ ਜਿਨ੍ਹਾਂ ਨੇ ਆਪਣੀ ਕੁਰਸੀ ਗਵਾ ਲਈ ਹੈ।
ਗੁਰਮੀਤ ਸਿੰਘ ਖੁੱਡੀਆਂ ਕੌਣ ਹੈ?: ਗੁਰਮੀਤ ਸਿੰਘ ਖੁੱਡੀਆਂ ਲੰਬੀ ਤੋਂ ਵਿਧਾਇਕ ਹਨ ਇਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ 11000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਉਹ ਸਾਬਕਾ ਸੰਸਦ ਮੈਂਬਰ ਜਗਦੇਵ ਸਿੰਘ ਖੁੱਡੀਆਂ ਦਾ ਪੁੱਤਰ ਹਨ। ਗੁਰਮੀਤ ਸਿੰਘ ਖੁੱਡੀਆਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਕਾਂਗਰਸ ਨਾਲ ਜੁੜੇ ਹੋਏ ਸਨ। ਗੁਰਮੀਤ ਪੰਜ ਸਾਲ ਜ਼ਿਲ੍ਹਾ ਕਾਂਗਰਸ ਕਮੇਟੀ ਮੁਕਤਸਰ ਦੇ ਪ੍ਰਧਾਨ ਰਹੇ ਹਨ।
ਬਲਕਾਰ ਸਿੰਘ ਕੌਣ ਹਨ?: ਜਲੰਧਰ ਦੇ ਹਲਕਾ ਕਰਤਾਰਪੁਰ ਤੋਂ 2022 ਵਿਚ ਹੋਈ ਵਿਧਾਨ ਸਭਾ ਚੋਣ ਜਿੱਤ ਚੁੱਕੇ ਹਨ। ਉਹ ਸਾਬਕਾ ਡੀ.ਸੀ.ਪੀ. ਹਨ ,ਕਾਂਗਰਸ ਦਾ ਗੜ੍ਹ ਰਹੀ ਕਰਤਾਰਪੁਰ ਸੀਟ ’ਤੇ ਆਮ ਆਦਮੀ ਪਾਰਟੀ ਦੇ ਬਲਕਾਰ ਸਿੰਘ ਨੇ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੇ ਚੌਧਰੀ ਸੁਰਿੰਦਰ ਸਿੰਘ ਨੂੰ 4,574 ਵੋਟਾਂ ਦੇ ਫਰਕ ਨਾਲ ਹਰਾ ਕੇ ਇਸ ਸੀਟ ’ਤੇ ਕਬਜ਼ਾ ਕੀਤਾ ਸੀ।