ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਚੱਲਦਿਆਂ ਸਾਨੂੰ ਹਰ ਸਮੇਂ ਆਪਣੇ ਹੱਥ ਸੈਨੇਟਾਈਜ਼ ਕਰਨ ਦੀ ਲੋੜ ਪੈਂਦੀ ਹੈ। ਇੱਥੋਂ ਤੱਕ ਕਿ ਸਾਨੂੰ ਬਾਕੀ ਚੀਜ਼ਾਂ ਵੀ ਸੈਨੇਟਾਈਜ਼ ਕਰਕੇ ਹੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ। ਸਾਡੇ ਕੋਲ ਹੱਥਾਂ ਲਈ ਸੈਨੇਟਾਈਜ਼ਰ ਤਾਂ ਉਪਲੱਬਧ ਹੈ ਪਰ ਬਾਕੀ ਚੀਜ਼ਾਂ ਨੂੰ ਕਿਟਾਣੂ ਮੁਕਤ ਕਰਨ ਲਈ ਸਾਡੇ ਕੋਲ ਕੋਈ ਵਿਕਲਪ ਨਹੀਂ ਹੈ।
ਪਰ ਪੰਜਾਬ ਯੂਨੀਵਰਸਿਟੀ ਦੇ ਕੈਮਿਸਟਰੀ ਡਿਪਾਰਟਮੈਂਟ ਦੀ ਸਹਾਇਕ ਪ੍ਰੋਫੈਸਰ ਗੁਰਪ੍ਰੀਤ ਕੌਰ ਨੇ ਇਸ ਸਮੱਸਿਆ ਨੂੰ ਦੂਰ ਕਰਦਿਆਂ ਇੱਕ ਅਜਿਹਾ ਫਾਰਮੂਲਾ ਤਿਆਰ ਕੀਤਾ ਹੈ ਜੋ ਕਿ ਚੀਜ਼ਾਂ ਨੂੰ ਕੀਟਾਣੂ ਰਹਿਤ ਕਰਨ ਦਾ ਕੰਮ ਕਰੇਗਾ। ਉਨ੍ਹਾਂ ਦੱਸਿਆ ਕਿ ਡੀ.ਐਸ.ਟੀ.ਜੀ.ਓ.ਆਈ. ਕੀਟਾਣੂਆਂ ਨੂੰ ਮਾਰਨ ਲਈ ਘਰਾਂ 'ਚ ਵਰਤੋਂ ਵਿੱਚ ਆਉਣ ਵਾਲੀ ਫਿਨਾਇਲ 'ਚ ਇਸਤੇਮਾਲ ਕੀਤਾ ਜਾਂਦਾ ਹੈ। ਇਸ ਨੂੰ ਘਰ ਦੀਆਂ ਸਾਰੀਆਂ ਚੀਜ਼ਾਂ ਜਿਵੇਂ ਦਰਵਾਜ਼ੇ, ਖਿੜਕੀਆਂ ਆਦਿ ਨੂੰ ਕਿਟਾਣੂ ਰਹਿਤ ਬਣਾਉਣ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਅਸੀਂ ਕਾਫੀ ਚਿਰ ਤੋਂ ਇਸ ਉੱਤੇ ਮਿਹਨਤ ਕਰ ਰਹੇ ਸੀ ਅਤੇ ਹੁਣ ਜਾ ਕੇ ਇਹ ਤਿਆਰ ਹੋਇਆ ਤਾਂ ਇਸ ਨੂੰ ਪੇਟੈਂਟ ਕਰਾਉਣ ਲਈ ਯੂਨੀਵਰਸਿਟੀ ਚਰਚਾ ਕਰੇਗਾ।
ਪ੍ਰੋ. ਗੁਰਪ੍ਰੀਤ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਦੌਰ ਵਿੱਚ ਅਸੀਂ ਵੀ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਸੀ ਜਿਸ ਕਰਕੇ ਇਹ ਫਾਰਮੂਲਾ ਇਜਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਇਨ੍ਹਾਂ ਸੁਰੱਖਿਅਤ ਹੈ ਕਿ ਤੁਹਾਡੀ ਸਕਿਨ ਨੂੰ ਲੱਗ ਜਾਵੇ ਤਾਂ ਕੋਈ ਨੁਕਸਾਨ ਨਹੀਂ ਕਰੇਗਾ। ਪਰ ਫਿਰ ਵੀ ਅਸੀਂ ਇਸ ਨੂੰ ਆਪਣੇ ਮੂੰਹ 'ਤੇ ਵਰਤਣ ਲਈ ਸਲਾਹ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਬਾਜ਼ਾਰ ਵਿੱਚ ਵਿਕਣ ਵਾਲੇ ਹੋਰ ਰੋਗਾਣੂ ਮੁਕਤ ਬਣਾਉਣ ਵਾਲੇ ਸਪਰੇ ਜਾਂ ਚੀਜ਼ਾਂ ਦੇ ਨਾਲ ਵੱਧ ਇਹ ਕਿਫਾਇਤੀ ਅਤੇ ਸਸਤਾ ਹੈ।