ਚੰਡੀਗੜ੍ਹ: ਸਮੂਹਿਕ ਵਿਕਾਸ ਲਈ ਭਾਈਵਾਲੀ ਜੁਟਾਉਣ ਦੇ ਸੈਸ਼ਨ ਦੌਰਾਨ ਵੀਰਵਾਰ ਨੂੰ ਸੂਬਾ ਸਰਕਾਰ ਲਈ ਸੱਤਾਧਾਰੀ ਰਾਜਨੀਤਿਕ ਵਿਵਸਥਾ ਵਿੱਚ ਤਬਦੀਲੀ ਦੇ ਦੌਰ ਵਿੱਚ ਆਪਣੀਆਂ ਨੀਤੀਆਂ ਵਿੱਚ ਨਿਰੰਤਰਤਾ ਅਤੇ ਸਥਿਰਤਾ ਬਣਾਈ ਰੱਖਣ ਦੀ ਲੋੜ ਉੱਤੇ ਵਿਆਪਕ ਸਹਿਮਤੀ ਉੱਭਰ ਕੇ ਸਾਹਮਣੇ ਆਈ।
ਵਿਚਾਰ-ਚਰਚਾ ਵਿੱਚ ਹਿੱਸਾ ਲੈਣ ਵਾਲੇ ਡੈਲੀਗੇਟਾਂ ਨੇ ਇਸ ਦਿਸ਼ਾ ਵਿੱਚ ਵਿਆਪਕ ਕਦਮ ਚੁੱਕਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵੀ ਸ਼ਲਾਘਾ ਕੀਤੀ, ਜਿਸ ਨਾਲ ਨਿਵੇਸ਼ਕਾਂ ਦਾ ਵਿਸ਼ਵਾਸ ਹੋਰ ਮਜ਼ਬੂਤ ਹੋਵੇਗਾ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੇ ਇਸ ਸੈਸ਼ਨ ਦੌਰਾਨ ਪੰਜਾਬ ਵਿੱਚ ਉਦਯੋਗਾਂ ਦੇ ਪਾਸਾਰ ਅਤੇ ਵਿਕਾਸ ਦੇ ਵਿਆਪਕ ਮੌਕਿਆਂ ਬਾਰੇ ਠੋਸ ਵਿਚਾਰ-ਵਟਾਂਦਰਾ ਕੀਤਾ ਗਿਆ।
ਸੈਸ਼ਨ ਦਾ ਸੰਚਾਲਨ ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ ਦੇ ਡਾਇਰੈਕਟਰ ਜਨਰਲ ਚੰਦਰਜੀਤ ਬੈਨਰਜੀ ਨੇ ਕੀਤਾ ਅਤੇ ਮੰਚ ’ਤੇ ਹਾਜ਼ਰ ਉਦਯੋਗਿਕ ਸ਼ਖਸੀਅਤਾਂ ਵਿੱਚ ਈਸਟ ਇੰਡੀਆ ਹੋਟਲਜ਼ ਦੇ ਕਾਰਜਕਾਰੀ ਚੇਅਰਮੈਨ ਪੀ.ਆਰ.ਐਸ ਓਬਰਾਏ, ਕੋਟਕ ਮਹਿੰਦਰਾ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ.ਈ.ਓ ਉਦੈ ਕੋਟਕ, ਭਾਰਤੀ ਇੰਟਰਪ੍ਰਾਈਜ਼ ਦੇ ਉਪ-ਚੇਅਰਮੈਨ ਰਾਕੇਸ਼ ਮਿੱਤਲ, ਹਿੰਦੂਜਾ ਸਮੂਹ (ਯੂਰਪ) ਦੇ ਚੇਅਰਮੈਨ ਪ੍ਰਕਾਸ਼ ਹਿੰਦੂਜਾ, ਹੀਰੋ ਇੰਟਰਪਰਾਈਜ਼ ਦੇ ਚੇਅਰਮੈਨ ਸੁਨੀਲ ਕਾਂਤ ਮੁੰਜਾਲ ਅਤੇ ਵਰਧਮਾਨ ਟੈਕਸਟਾਈਲ ਦੇ ਉੱਪ ਚੇਅਰਮੈਨ ਅਤੇ ਸੰਯੁਕਤ ਪ੍ਰਬੰਧ ਨਿਰਦੇਸ਼ਕ ਸੁਚੀਤਾ ਜੈਨ ਸ਼ਾਮਲ ਸਨ।
ਵਿਚਾਰ-ਵਟਾਂਦਰੇ ਵਿੱਚ ਹਿੱਸਾ ਲੈਂਦਿਆਂ ਮੁੰਜਾਲ ਨੇ ਕਿਹਾ ਕਿ ਨਿਵੇਸ਼ ਕਰਨ ਲਈ ਪੰਜਾਬ ਇੱਕ ਉੱਤਮ ਸੂਬਾ ਹੈ ਕਿਉਂਕਿ ਪੰਜਾਬ ਵਿੱਚ ਸਸਤੀ ਅਤੇ ਨਿਰਵਿਘਨ ਬਿਜਲੀ ਦੀ ਸਪਲਾਈ ਦੇ ਲਿਹਾਜ਼ ਨਾਲ ਸਭ ਤੋਂ ਵਧੀਆ ਬੁਨਿਆਦੀ ਢਾਂਚਾ ਉਪਲੱਬਧ ਹੈ ਅਤੇ ਇਸ ਤੋਂ ਇਲਾਵਾ ਇੱਥੇ ਸ਼ਾਂਤੀ-ਪਸੰਦ ਅਤੇ ਕੁਸ਼ਲ ਲੇਬਰ ਵੀ ਮੌਜੂਦ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦਾ ਉੱਦਮਸ਼ੀਲ ਸੁਭਾਅ ਰਾਜ ਵਿੱਚ ਸਨਅਤੀ ਵਿਕਾਸ ਨੂੰ ਹੁਲਾਰਾ ਦਿੰਦਾ ਹੈ। ਉਨ੍ਹਾਂ ਨੇ ਸੂਬੇ ਵਿੱਚ ਨਿਵੇਸ਼ਕਾਂ ਨੂੰ ਆਕਰਸ਼ਤ ਕਰਨ ਲਈ ਨਵੀਂ ਉਦਯੋਗਿਕ ਤੇ ਵਪਾਰਕ ਨੀਤੀ ਵਿੱਚ ਵੱਡਾ ਸੁਧਾਰ ਲਿਆਉਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਸ਼ਲਾਘਾ ਵੀ ਕੀਤੀ।
ਰਾਕੇਸ਼ ਭਾਰਤੀ ਮਿੱਤਲ ਨੇ ਮਿਆਰੀ ਸਿੱਖਿਆ ਅਤੇ ਹੁਨਰ ਵਿਕਾਸ ਦੀ ਲੋੜ ਉੱਤੇ ਜ਼ੋਰ ਦਿੱਤਾ, ਜੋ ਕਿ ਕਿਸੇ ਵੀ ਰਾਜ ਵਿਚ ਇਕ ਮਜ਼ਬੂਤ ਉਦਯੋਗਿਕ ਆਧਾਰ ਦਾ ਮੁੱਢ ਹੁੰਦੀ ਹੈ। ਉਨਾਂ ਕਿਹਾ ਕਿ ਭਾਰਤੀ ਗਰੁੱਪ ਨੇ ਪੰਜਾਬ ਦੇ ਪੇਂਡੂ ਖੇਤਰ ਵਿੱਚ ਸਿੱਖਿਆ ਅਤੇ ਸਵੱਛਤਾ ਵਿੱਚ ਮਹੱਤਵਪੂਰਨ ਨਿਵੇਸ਼ ਕੀਤਾ ਹੈ।
ਖੇਤੀਬਾੜੀ ਵਿੱਚ ਵਿਭਿੰਨਤਾ ਲਿਆਉਣ ਅਤੇ ਕਿਸਾਨਾਂ ਦੀ ਪੈਦਾਵਾਰ ਨੂੰ ਵਾਜਬ ਕੀਮਤਾਂ ‘ਤੇ ਖਰੀਦਣ ਲਈ ਸੁਚੱਜੀ ਮੰਡੀਕਰਨ ਵਿਧੀ ਮੁਹੱਈਆ ਕਰਵਾਉਣ ਦੀ ਜ਼ਰੂਰਤ ਸੀ। ਉਨ੍ਹਾਂ ਕਿਹਾ ਕਿ ਐਮ.ਐਸ.ਐਮ.ਈ ਖੇਤਰ ਵਿੱਚ ਖੇਤੀ ਅਧਾਰਤ ਉਦਯੋਗ ਉੱਤੇ ਧਿਆਨ ਕੇਂਦਰਿਤ ਕਰਨ ਲਈ ਉਦਯੋਗ ਅਤੇ ਖੇਤੀਬਾੜੀ ਵਿਚ ਆਪਸੀ ਤਾਲਮੇਲ ਪੈਦਾ ਕਰਨ ਦੀ ਜ਼ਰੂਰਤ ‘ਤੇ ਵੀ ਜ਼ੋਰ ਦੇਣ ਦੀ ਲੋੜ ਹੈ।
ਸੁਚਿਤਾ ਜੈਨ ਨੇ ਕਿਹਾ ਕਿ ਵਰਧਮਾਨ ਗਰੁੱਪ ਨੇ ਸੂਬੇ ਦੇ ਉਦਯੋਗਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਟੈਕਸਟਾਈਲ ਤੋਂ ਬਾਅਦ ਸਟੀਲ ਨੂੰ ਅੱਗੇ ਵਧਾਇਆ ਹੈ। ਉਨਾਂ ਇਹ ਵੀ ਦੱਸਿਆ ਕਿ ਆਟੋਮੋਟਿਵ ਸੈਕਟਰ ਨੂੰ ਪ੍ਰਫੁੱਲਿਤ ਕਰਨ ਲਈ ਗਰੁੱਪ ਨੇ ਹਾਲ ਹੀ ਵਿੱਚ ਜਾਪਾਨ ਦੀ ਪ੍ਰਮੁੱਖ ਸਟੀਲ ਕੰਪਨੀ ਆਈਚੇ ਨਾਲ ਸਮਝੌਤਾ ਕੀਤਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਵਰਧਮਾਨ ਨੇ ਆਪਣੀਆਂ ਇਕਾਈਆਂ ਵਿੱਚ ਲਗਭਗ 30 ਪ੍ਰਤੀਸ਼ਤ ਮਹਿਲਾ ਕਰਮਚਾਰੀਆਂ ਨੂੰ ਰੁਜ਼ਗਾਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਰਹਿਣ-ਸਹਿਣ ਅਤੇ ਆਵਾਜਾਈ ਸਮੇਤ ਸਾਰੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ਪੀ.ਆਰ.ਐਸ ਓਬਰਾਏ ਨੇ ਕਿਹਾ ਕਿ ਸੈਰ ਸਪਾਟਾ ਅਤੇ ਪ੍ਰਾਹੁਣਚਾਰੀ ਕਿਸੇ ਵੀ ਸੂਬੇ ਦੇ ਵਿਕਾਸ ਲਈ ਪ੍ਰਮੁੱਖ ਖੇਤਰ ਹੁੰਦਾ ਹੈ ਅਤੇ ਪੰਜਾਬ ਵਿਚ ਧਾਰਮਿਕ ਸੈਰ-ਸਪਾਟੇ ਦੀ ਕਾਫੀ ਸੰਭਾਵਨਾ ਹੈ, ਜਿਸ ਦੀ ਲਾਹੇਵੰਦ ਤਰੀਕੇ ਨਾਲ ਵਰਤੋਂ ਕੀਤੀ ਜਾ ਸਕਦੀ ਹੈ। ਉਨਾਂ ਨੇ ਨਿਵੇਸ਼ਕ ਸੰਮੇਲਨ ਆਯੋਜਿਤ ਕਰਾਉਣ ਲਈ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ, ਜੋ ਰਾਜ ਵਿੱਚ ਨਿਵੇਸ਼ ਕਰਨ ਲਈ ਸੰਭਾਵਤ ਉੱਦਮੀਆਂ ਵਿੱਚ ਭਰੋਸੇਯੋਗਤਾ ਅਤੇ ਵਿਸ਼ਵਾਸ ਵਧਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਪ੍ਰਕਾਸ਼ ਹਿੰਦੂਜਾ ਨੇ ਫਸਲੀ ਰਹਿੰਦ ਖੂੰਹਦ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਸੰਯੁਕਤ ਰਾਜ, ਜਾਪਾਨ ਅਤੇ ਇਜ਼ਰਾਈਲ ਤੋਂ ਖਰੀਦੀ ਵਿਸ਼ਵ ਪੱਧਰੀ ਤਕਨਾਲੋਜੀ ਦੀ ਪੇਸ਼ਕਸ਼ ਕੀਤੀ।
ਉਦੈ ਕੋਟਕ ਨੇ ਕਿਹਾ ਕਿ ਕਿਸੇ ਵੀ ਨਵੇਂ ਉੱਦਮ ਦੀ ਸਹੀ ਸ਼ੁਰੂਆਤ ਦੇ ਮੱਦੇਨਜ਼ਰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਕਰਜ਼ਾ ਦੇਣ ਦੀ ਵਿਵਸਥਾ ਉਪਬਲਧ ਹੋਣਾ ਇਕ ਮਹੱਤਵਪੂਰਨ ਪਹਿਲੂ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬੈਂਕ ਨੇ ਨਵੇਂ ਉੱਦਮੀਆਂ ਨੂੰ ਪ੍ਰਫੁੱਲਿਤ ਕਰਨ ਲਈ 100 ਫੀਸਦੀ ਜਮਾਂ ਰਾਸ਼ੀ ਦੇ ਨਿਸਬਤ 150 ਪ੍ਰਤੀਸ਼ਤ ਕਰਜ਼ਾ ਦੇਣ ਦੀ ਸਹੂਲਤ ਦਿੱਤੀ ਹੈ। ਉਨ੍ਹਾਂ ਨੇ ਇਸ ਸੰਮੇਲਨ ਦੇ ਆਯੋਜਨ ਲਈ ਸੂਬਾ ਸਰਕਾਰ ਦੇ ਉੱਦਮ ਦੀ ਸ਼ਲਾਘਾ ਕੀਤੀ, ਜਿਸ ਨਾਲ ਸੂਬੇ ਲਈ ਵਧੇਰੇ ਨਿਵੇਸ਼ ਜੁਟਾਉਣ ਵਿਚ ਮਦਦ ਮਿਲੇਗੀ।
ਇਸ ਤੋਂ ਪਹਿਲਾਂ ਜਾਪਾਨੀ ਰਾਜਦੂਤ ਸਤੋਸ਼ੀ ਸੁਜ਼ੂਕੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਉਨਾਂ ਦੇ ਦੇਸ਼ ਨੂੰ ਇਸ ਮਹਾਨ ਸੰਮੇਲਨ ਦਾ ਹਿੱਸਾ ਬਣਨ ਦਾ ਸੱਦਾ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਸੰਮੇਲਨ ਕਈ ਉੱਭਰ ਰਹੇ ਖੇਤਰਾਂ ਵਿੱਚ ਪੰਜਾਬ ਅਤੇ ਜਾਪਾਨ ਵਿੱਚ ਸਾਂਝੇਦਾਰੀ ਵਧਾਉਣ ਲਈ ਇੱਕ ਸਿਹਤਮੰਦ ਮੰਚ ਸਾਬਤ ਹੋਵੇਗਾ।