ਫ਼ਤਿਹਗੜ੍ਹ ਸਾਹਿਬ: ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਤਿੰਨ ਦਿਨਾਂ ਸ਼ਹੀਦੀ ਸਭਾ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਪਹੁੰਚੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਅੱਜ ਉਹ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਪਹੁੰਚੇ ਹਨ। ਉੱਥੇ ਹੀ ਉਨ੍ਹਾਂ ਨੇ ਗੱਲਬਾਤ ਕਰਦੇ ਕਿਹਾ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਲਈ ਅੜੀ ਹੋਈ ਹੈ, ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਪਹਿਲੇ ਇੱਕ ਅਜਿਹੇ ਪ੍ਰਧਾਨ ਮੰਤਰੀ ਹਨ ਜੋ ਕਿ ਕਿਸਾਨਾਂ ਦੀ ਗੱਲ ਸੁਣਨ ਦੇ ਲਈ ਤਿਆਰ ਨਹੀਂ ਹਨ।
'ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਹੰਕਾਰ ਗਏ ਨੇ'
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਗੱਲ ਉੱਤੇ ਅੜੇ ਹੋਏ ਹਨ, ਜਿਸ ਕਰ ਕੇ ਉਹ ਕਿਸਾਨਾਂ ਦੇ ਮਸਲਿਆਂ ਦਾ ਹੱਲ ਕਰਨ ਦੇ ਲਈ ਤਿਆਰ ਨਹੀਂ ਹਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਜਲਦ ਤੋਂ ਜਲਦ ਇਨ੍ਹਾਂ ਖੇਤੀ ਕਾਨੂੰਨਾਂ ਦਾ ਕੋਈ ਹੱਲ ਕੱਢਣਾ ਚਾਹੀਦਾ ਹੈ।
ਐੱਨਡੀਏ ਦਾ ਹੁਣ ਕੋਈ ਵੀ ਵਜੂਦ ਨਹੀਂ
ਸੁਖਬੀਰ ਬਾਦਲ ਨੇ ਬੋਲਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਪਹਿਲਾਂ ਸਾਡੇ ਨਾਲ ਧੋਖਾ ਕੀਤਾ ਅਤੇ ਹੁਣ ਨੀਤਿਸ਼ ਕੁਮਾਰ ਨੂੰ ਧੋਖਾ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਐੱਨਡੀਏ ਦਾ ਕੋਈ ਵੀ ਵਜੂਦ ਨਹੀਂ ਹੈ, ਕਿਉਂਕਿ ਬੀਜੇਪੀ ਹੁਣ ਹੰਕਾਰੀ ਹੋ ਗਈ ਹੈ ਅਤੇ ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਐੱਨ.ਡੀ.ਏ ਦਾ ਨਾਂਅ ਲੈਣਾ ਬੰਦ ਕਰ ਦਿਉ।