ਹੁਸ਼ਿਆਰਪੁਰ : ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਵਾਲੇ ਆਪਣੇ ਬਿਆਨ 'ਤੇ ਦਿੱਤੇ ਸਪਸ਼ਟੀਕਰਨ ਤੋਂ ਸਿੱਖ ਸੰਗਤ ਸੰਤੁਸ਼ਟ ਨਹੀਂ ਹੈ। ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ DGP ਦਿਨਕਰ ਗੁਪਤਾ ਨੂੰ ਅਹੁਦੇ ਤੋਂ ਬਰਖਾਸਤ ਕਰ ਦੇਣਾ ਚਾਹੀਦਾ। ਇਹ ਕਹਿਣਾ ਹੈ ਪ੍ਰੋਫ਼ੈਸਰ ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਐੱਮਪੀ ਦਾ, ਜੋ ਗੜ੍ਹਸ਼ੰਕਰ ਦੇ ਪਿੰਡ ਅਕਾਲਗੜ੍ਹ ਵਿਖੇ ਸਵਰਗੀ ਮਹਿੰਦਰ ਸਿੰਘ ਗਿੱਲ ਦੀ ਯਾਦ ਵਿੱਚ ਕਰਵਾਏ ਗਏ ਮੈਡੀਕਲ ਕੈਂਪ ਦੇ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਸਨ।
ਉਨ੍ਹਾਂ ਕਿਹਾ ਕਿ ਉਹ ਸਮਝਦੇ ਸਨ ਕਿ ਡੀਜੀਪੀ ਗੁਪਤਾ ਆਪਣੇ ਗੁਨਾਹ ਨੂੰ ਮੰਨਦੇ ਹੋਏ ਸਿੱਖ ਸੰਗਤ ਤੋਂ ਮੁਆਫ਼ੀ ਮੰਗਣਗੇ ਪਰ ਡੀਜੀਪੀ ਦੇ ਇਸ ਸਪਸ਼ਟੀਕਰਨ ਨੇ ਉਨ੍ਹਾਂ ਦੇ ਬਿਆਨ ਨੂੰ ਮੁੜ ਪੁਖ਼ਤਾ ਕੀਤਾ ਹੈ। ਚੰਦੂਮਾਜਰਾ ਨੇ ਕਿਹਾ ਪੰਜਾਬ ਸਰਕਾਰ ਡੀਜੀਪੀ ਨੂੰ ਤੁਰੰਤ ਅਹੁਦੇ ਤੋਂ ਲਾਂਭੇ ਕਰੇ, ਜੇਕਰ ਸਰਕਾਰ ਇਸ ਤਰ੍ਹਾਂ ਨਹੀਂ ਕਰਦੀ ਤਾਂ ਉਹ ਇਸ ਦੀ ਸ਼ਿਕਾਇਤ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਕਰਨਗੇ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰੋਫ਼ੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਢੀਂਡਸਾ ਪਰਿਵਾਰ ਵਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਕਿਸੇ ਪਾਰਟੀ ਦੀ ਕਿਸੇ ਵਿਅਕਤੀ ਵਲੋਂ ਕੀਤੀ ਰੈਲੀ ਦਾ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਵਿੱਚ ਕੋਈ ਘਬਰਾਹਟ ਪੈਦਾ ਹੋਣ ਦਾ ਸਵਾਲ ਪੈਦਾ ਨਹੀਂ ਹੁੰਦਾ ਅਤੇ ਹਰ ਇਕ ਨੂੰ ਹਰ ਇਕ ਜਥੇਬੰਦੀ ਨੂੰ ਧਰਨੇ, ਮੁਜ਼ਾਹਰੇ ਕਰਨ ਦਾ ਹੱਕ ਹੁੰਦਾ ਹੈ।