ਚੰਡੀਗੜ੍ਹ: ਵਿਰੋਧੀ ਧਿਰ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ (Pratap Singh Bajwa) ਨੇ ਪੰਜਾਬ ਕਾਂਗਰਸ ਦੀ (Bharat Jodo Yatra) 'ਭਾਰਤ ਜੋੜੋ ਯਾਤਰਾ', ਨਵਜੋਤ ਸਿੰਘ ਸਿੱਧੂ ਦੀ ਰਿਹਾਈ ਅਤੇ ਚਰਨਜੀਤ ਸਿੰਘ ਚੰਨੀ ਦੇ ਮਸਲੇ 'ਤੇ ਮੀਡੀਆ ਨਾਲ ਅਹਿਮ ਗੱਲਬਾਤ ਕੀਤੀ। ਇਸ ਦੌਰਾਨ ਉਹਨਾਂ ਕਿਹਾ ਕਿ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਦੀ ਪੰਜਾਬ ਵਿਚ ਸ਼ੁਰੂਆਤ ਹੋਣ ਜਾ ਰਹੀ ਹੈ। ਜਿਸ ਦੇ ਤਹਿਤ ਇਹ ਯਾਤਰਾ ਰਾਹੁਲ ਗਾਂਧੀ ਦੀ ਅਗਵਾਈ ਵਿੱਚ 3 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਹੋਏ, ਇਤਿਹਾਸਕ ਸ਼ਹਿਰ ਫਤਿਹਗੜ੍ਹ ਸਾਹਿਬ ਵਿਚ ਪਹੁੰਚੇਗੀ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਭਾਰਤ ਜੋੜੋ ਯਾਤਰਾ 9 ਦਿਨ ਪੰਜਾਬ ਵਿਚ ਰਹੇਗੀ ਅਤੇ 20 ਜਨਵਰੀ ਨੂੰ ਪਠਾਨਕੋਟ ਰਾਹੀਂ ਜੰਮੂ ਕਸ਼ਮੀਰ ਵਿਚ ਐਂਟਰ ਹੋਵੇਗੀ।
ਪੰਜਾਬ ਸਰਕਾਰ ਦੀ ਵਿਜੀਲੈਂਸ ਬਰਾਬਰ ਕੰਮ ਕਰੇ:- ਉਧਰ ਚਰਨਜੀਤ ਚੰਨੀ ਨੂੰ ਵਿਜੀਲੈਂਸ ਦੇ ਘੇਰੇ ਵਿਚ ਲਿਆਉਣ ਉੱਤੇ ਵੀ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ। ਉਹਨਾਂ ਆਖਿਆ ਕਿ ਚੰਨੀ ਦਾ ਜਵਾਬ ਤਾਂ ਚੰਨੀ ਹੀ ਦੇ ਸਕਦੇ ਹਨ। ਪਰ ਪੰਜਾਬ ਸਰਕਾਰ ਦੀ ਵਿਜੀਲੈਂਸ ਨੇ ਜੇ ਕੰਮ ਕਰਨਾ ਹੈ ਤਾਂ ਸਾਰਿਆਂ ਲਈ ਇੱਕ ਬਰਾਬਰ ਕਰੇ। ਪੰਜਾਬ ਸਰਕਾਰ ਦੇ ਮੰਤਰੀ ਫੌਜਾ ਸਿੰਘ ਸਰਾਰੀ ਉੱਤੇ ਵਿਜੀਲੈਂਸ ਕਿਉਂ ਨਹੀਂ ਕਾਰਵਾਈ ਕਰ ਰਹੀ।
ਨਵਜੋਤ ਸਿੱਧੂ ਦਾ ਸਵਾਗਤ ਕਰੇਗੀ ਕਾਂਗਰਸ:- ਇਸ ਤੋਂ ਇਲਾਵਾ ਨਵਜੋਤ ਸਿੱਧੂ ਦੀ ਰਿਹਾਈ ਉੱਤੇ ਵੀ ਪ੍ਰਤਾਮ ਸਿੰਘ ਬਾਜਵਾ ਖੁੱਲ੍ਹ ਕੇ ਬੋਲੇ ਅਤੇ ਕਿਹਾ ਕਿ ਉਹ ਜੇਲ੍ਹ ਤੋਂ ਬਾਹਰ ਆਉਣ ਉੱਤੇ ਨਵਜੋਤ ਸਿੱਧੂ ਦਾ ਸਵਾਗਤ ਕਰਨਗੇ। ਇਸ ਦੇ ਨਾਲ ਹੀ ਉਹਨਾਂ ਸਿੱਧੂ ਨੂੰ ਨਸੀਹਤ ਵੀ ਦਿੱਤੀ ਕਿ ਸਿੱਧੂ ਨੇ ਜੇਲ੍ਹ 'ਚ ਰਹਿ ਕੇ ਕਾਫ਼ੀ ਆਤਮ-ਚਿੰਤਨ ਕੀਤਾ ਹੋਵੇਗਾ ਅਤੇ ਅੱਗੇ ਨਾਲੋਂ ਜ਼ਿਆਦਾ ਤਜ਼ਰਬੇ ਨਾਲ ਬਾਹਰ ਆਉਣਗੇ। ਉਹਨਾਂ ਆਖਿਆ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਿੱਧੂ ਪਾਰਟੀ ਦੇ ਅਨੁਸ਼ਾਸਨ ਵਿਚ ਰਹਿ ਕੇ ਕੰਮ ਕਰਨਗੇ।
ਸਿੱਧੂ ਦੇ ਜੇਲ੍ਹ ਜਾਣ ਦਾ ਪੂਰਾ ਮਾਮਲਾ ਕੀ ਸੀ ? ਜਿਕਰਯੋਗ ਹੈ ਕਿ ਨਵਜੋਤ ਸਿੱਧੂ ਦੀ ਪਟਿਆਲਾ ਵਿੱਚ ਪਾਰਕਿੰਗ ਵਾਲੀ ਥਾਂ ਨੂੰ ਲੈਕੇ ਇੱਕ ਸ਼ਖ਼ਸ ਨਾਲ ਬਹਿਸ ਹੋਈ ਸੀ। ਇਸ ਦੌਰਾਨ ਨਵਜੋਤ ਸਿੱਧੂ ਦੇ ਨਾਲ ਇੱਕ ਹੋਰ ਦੋਸਤ ਮੌਜੂਦ ਸੀ। ਇਸ ਮੌਕੇ ਦੋਵਾਂ ਉੱਤੇ ਇੱਕ ਸ਼ਖ਼ਸ ਨੂੰ ਕੁੱਟਣ ਦੇ ਇਲਜ਼ਾਮ ਲੱਗੇ ਸਨ ਅਤੇ ਇਸ ਦੌਰਾਨ ਬਾਅਦ ਵਿੱਚ ਸ਼ਖ਼ਸ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਹਾਈਕੋਰਟ ਨੇ 2006 ਵਿੱਚ ਸਿੱਧੂ ਨੂੰ ਦੋਸ਼ੀ ਠਹਿਰਾਇਆ ਸੀ।
ਇਹ ਵੀ ਪੜੋ:- Year Ender: Look Back 2022 ਜੁਰਮ ਦੀਆਂ ਅਜਿਹੀਆਂ ਵਾਰਦਾਤਾਂ ਜਿਹਨਾਂ ਨਾਲ ਕੰਬਿਆ ਪੰਜਾਬ