ਚੰਡੀਗੜ੍ਹ: ਬੀਤੇ ਦਿਨ ਅੰਮ੍ਰਿਤਪਾਲ ਦੇ ਸਮਰਥਕਾਂ ਅਤੇ ਪੰਜਾਬ ਪੁਲਿਸ ਵਿਚਕਾਰ ਤਣਾਅਪੂਰਨ ਮਾਹੌਲ ਪੈਦਾ ਹੋ ਗਿਆ। ਅਜਨਾਲਾ ਥਾਣੇ ਦਾ ਕਈ ਘੰਟਿਆਂ ਤੱਕ ਘਿਰਾਓ ਕੀਤਾ ਗਿਆ ਅਤੇ ਹਿੰਸਕ ਝੜਪਾਂ ਵਿਚ ਕਈ ਪੁਲਿਸ ਮੁਲਾਜ਼ਮ ਜ਼ਖ਼ਮੀਂ ਹੋਏ। ਇਸ ਘਟਨਾਂ ਤੋਂ ਬਾਅਦ ਪੰਜਾਬ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ, ਇਸ ਹਿੰਸਕ ਮਾਹੌਲ ਦੌਰਾਨ ਸਿਆਸਤ ਵੀ ਚਰਮ ਸੀਮਾਂ ਉੱਤੇ ਹੈ। ਜਿੱਥੇ ਅੰਮ੍ਰਿਤਪਾਲ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਸਾਹਮਣੇ ਆ ਰਹੀਆਂ ਹਨ ਉੱਥੇ ਹੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਸਵਾਲ ਚੁੱਕੇ ਜਾ ਰਹੇ ਹਨ।
ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਖਰਾਬ: ਕਾਂਗਰਸ ਦੇ ਬੁਲਾਰੇ ਕੰਵਰ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪੰਜਾਬ 'ਚ ਅੰਮ੍ਰਿਤਸਰ ਦੀ ਘਟਨਾ ਸਪੱਸ਼ਟ ਕਰਦੀ ਹੈ ਕਿ ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ। ਇਹ ਸਥਿਤੀ ਦੀ ਗੰਭੀਰਤਾ ਨੂੰ ਪੇਸ਼ ਕਰਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਇਹ ਬਹੁਤ ਹੀ ਨਿੰਦਣਯੋਗ ਅਤੇ ਮੰਦਭਾਗੀ ਘਟਨਾ ਹੈ। ਕਾਨੂੰਨ ਨੂੰ ਆਪਣੇ ਹੱਥ ਵਿਚ ਲੈ ਕੇ ਥਾਣੇ ਦਾ ਘਿਰਾਓ ਕੀਤਾ ਗਿਆ। ਪੰਜਾਬ ਵਿਚ ਲਾਅ ਅਤੇ ਆਰਡਰ ਦੀ ਜੋ ਸਥਿਤੀ ਹੈ ਉਸ ਤੋਂ ਮਹਿਸੂਸ ਹੁੰਦਾ ਹੈ ਕਿ ਪੰਜਾਬ ਵਿਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਅੰਮ੍ਰਿਤਪਾਲ ਦੇ ਪਿੱਛੇ ਕੁਝ ਹੋਰ ਵੱਡੀਆਂ ਤਾਕਤਾਂ ਹਨ ਜਿਹਨਾਂ ਦਾ ਖੁਲਾਸਾ ਹੋਣਾ ਬਹੁਤ ਜ਼ਰੂਰੀ ਹੈ। ਜਿਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾ ਕੇ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਗੁਰੂ ਗ੍ਰੰਥ ਸਾਹਿਬ ਨੂੰ ਢਾਹ ਲੱਗੇ ਅਤੇ ਉਸਦਾ ਸਿਰਫ਼ ਮੁੱਦਾ ਬਣਾਇਆ ਜਾਵੇ। ਉਨ੍ਹਾਂ ਕਿਹਾ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਹ ਜਾਣਬੁੱਝ ਕੇ ਕੀਤਾ ਗਿਆ ਹੈ। ਵਿਰੋਧੀ ਤਾਕਤਾਂ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਜਿਸ ਵੱਲ ਪੰਜਾਬ ਨੂੰ ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ ਹੈ । ਪੰਜਾਬ ਨੂੰ ਇਸ 'ਤੇ ਕੰਮ ਕਰਨਾ ਚਾਹੀਦਾ ਹੈ, ਜਦਕਿ ਕੇਂਦਰ ਸਰਕਾਰ ਨੂੰ ਵੀ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਕਿਉਂਕਿ ਦੇਸ਼ ਦੀ ਸੁਰੱਖਿਆ ਵੀ ਪੰਜਾਬ ਨਾਲ ਜੁੜੀ ਹੋਈ ਹੈ, ਪੰਜਾਬ ਅੱਤਵਾਦ ਵਰਗੇ ਦੌਰ 'ਚੋਂ ਲੰਘ ਚੁੱਕਾ ਹੈ, ਤਾਂ ਜੋ ਅਜਿਹੀ ਸਥਿਤੀ ਦੁਬਾਰਾ ਨਾ ਵਾਪਰੇ, ਇਸ ਲਈ ਸਾਰੇ ਸਿੱਖ ਕੌਮ ਨੂੰ ਵੀ ਪੁਲਿਸ ਦਾ ਸਾਥ ਦੇਣਾ ਚਾਹੀਦਾ ਹੈ।
ਪੰਜਾਬ ਸਰਕਾਰ ਜ਼ਿੰਮੇਵਾਰ : ਪੰਜਾਬ ਭਾਰਤੀ ਜਨਤਾ ਪਾਰਟੀ ਦੇ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਅੰਮ੍ਰਿਤਪਾਲ ਅਤੇ ਉਸ ਦੇ ਸਮਰਥਕ ਗੁਰੂ ਸਾਹਿਬ ਦਾ ਆਸਰਾ ਲੈ ਕੇ ਨਗਰ ਕੀਰਤਨ ਦੇ ਰੂਪ ਵਿਚ ਗੁੰਡਾਗਰਦੀ ਕਰ ਰਹੇ ਹਨ, ਜੋ ਕੁਝ ਹੋ ਰਿਹਾ ਹੈ ਉਸ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ, ਸਰਕਾਰ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਦਾ ਵੀ ਅੰਮ੍ਰਿਤਪਾਲ ਵਾਲੇ ਮਾਮਲੇ ਉੱਤੇ ਵੱਡਾ ਬਿਆਨ ਸਾਹਮਣੇ ਆਇਆ ਹੈ। ਸਿਰਸਾ ਨੇ ਕਿਹਾ ਕਿ ਅੱਜ ਤੋਂ 9 ਮਹੀਨੇ ਪਹਿਲਾਂ ਇਕ ਟਵੀਟ ਕੀਤਾ ਸੀ ਜਿਸ ਵਿਚ ਕਿਹਾ ਸੀ ਕਿ ਅਰਵਿੰਦ ਕੇਜਰੀਵਾਲ ਪੰਜਾਬ ਅੰਦਰ ਇੰਦਰਾ ਗਾਂਧੀ ਮਾਡਲ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਹੁਣ ਉਹ ਦਿਨ ਆ ਗਿਆ ਜਿਸ ਵਿਚ ਉਹ ਸਫ਼ਲਤਾ ਪੂਰਵਕ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਹੈ ਅਤੇ ਇੰਦਰਾ ਗਾਂਧੀ ਮਾਡਲ ਲਾਗੂ ਕਰਨ ਵਿੱਚ ਕਾਮਯਾਬ ਹੋ ਗਿਆ ਹੈ। ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ਅਰਵਿੰਦ ਕੇਜਰੀਵਾਲ ਖੁਦ ਵਿਗਾੜ ਰਿਹਾ ਹੈ, ਸਿਰਸਾ ਨੇ ਕਿਹਾ ਅਜਿਹਾ ਨਹੀਂ ਹੈ ਕਿ ਪੰਜਾਬ ਪੁਲਿਸ ਕਿ ਪੰਜਾਬ ਪੁਲਿਸ ਅਮਨ ਕਾਨੂੰਨ ਕੰਟਰੋਲ ਨਹੀਂ ਕਰ ਸਕਦਾ ਪਰ ਅਰਵਿੰਦ ਕੇਜਰੀਵਾਲ ਰਿਮੋਟ ਕੰਟਰੋਲ ਦੇ ਨਾਲ ਪੰਜਾਬ ਦਾ ਮਾਹੌਲ ਵਿਗਾੜ ਰਿਹਾ ਹੈ।
ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ਦੇ ਚਰਚੇ ਹੋ ਰਹੇ ਹਨ: ਅਕਾਲੀ ਆਗੂ ਬਿਕਰਮ ਮਜੀਠੀਆ ਨੇ ਅੰਮ੍ਰਿਤਪਾਲ ਦੀਆਂ ਗਤੀਵਿਧੀਆਂ ਨੂੰ ਵੱਡਾ ਸੰਵਿਧਾਨਕ ਸੰਕਟ ਦੱਸਿਆ। ਉਹਨਾਂ ਆਖਿਆ ਕਿ ਅਜਨਾਲਾ ਥਾਣਾ ਉੱਤੇ ਕਬਜ਼ਾ ਕੀਤਾ ਗਿਆ ਜੋ ਕਿ ਬਾਰਡਰ ਇਲਾਕਾ ਹੈ ਅਤੇ ਪਾਕਿਸਤਾਨ ਤੋਂ ਮਹਿਜ਼ 10 ਤੋਂ 15 ਕਿਲੋਮੀਟਰ ਦੂਰ ਹੈ। ਪੰਜਾਬ ਵਿਚ ਕੋਈ ਅਮਨ ਕਾਨੂੰਨ ਵਿਵਸਥਾ ਨਹੀਂ, ਅਮਨ ਕਾਨੂੰਨ ਪਸੰਦ ਵਿਅਕਤੀ ਕਦੇ ਵੀ ਇਸ ਦੀ ਹਾਮੀ ਨਹੀਂ ਭਰ ਸਕਦਾ। ਕਿਸੇ ਗ੍ਰਿਫ਼ਤਾਰ ਵਿਅਕਤੀ ਨੂੰ ਛੁਡਾਉਣ ਵਾਸਤੇ ਪੁਲਿਸ ਥਾਣੇ 'ਤੇ ਕਬਜ਼ਾ ਕੀਤਾ ਗਿਆ।ਇਹਨਾਂ ਹਾਲਾਤਾਂ ਕਰਕੇ ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ਦੇ ਚਰਚੇ ਹੁੰਦੇ ਹਨ। ਇਹਨਾਂ ਹਾਲਾਤਾਂ ਕਰਕੇ ਹੀ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ, ਇਹੀ ਕਾਰਨ ਹੈ ਕਿ ਰੋਜ ਫਿਰੌਤੀਆਂ ਲਈ ਫੋਨ ਆ ਰਹੇ ਹਨ।
ਪੰਜਾਬ ਸਰਕਾਰ ਦਾ ਜਵਾਬ : ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਅੰਮ੍ਰਿਤਪਾਲ ਵਾਲੇ ਮਸਲੇ ਉੱਤੇ ਜਵਾਬ ਸਾਹਮਣੇ ਆਇਆ ਹੈ ਉਹਨਾਂ ਆਖਿਆ ਕਿ ਅੰਮ੍ਰਿਤਪਾਲ ਨੇ ਜੋ ਵੀ ਦੰਗਾ ਅਤੇ ਫਸਾਦ ਕਰਨ ਦੀ ਕੋਸ਼ਿਸ਼ ਕੀਤੀ ਉਸ ਵਿੱਚ ਸਪੱਸ਼ਟ ਹੈ ਕਿ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਬੜੀ ਮਜ਼ਬੂਤ ਹੈ। ਸਰਕਾਰ ਅਤੇ ਪੁਲਿਸ ਲਈ ਨੈਸ਼ਨਲ ਮੀਡੀਆ ਉੱਤੇ ਅਲੱਗ ਅਲੱਗ ਥਿਊਰੀ ਸੈਟ ਕੀਤੀ ਜਾ ਰਹੀ ਹੈ ਕਿ ਪੰਜਾਬ ਪੁਲਿਸ ਅਤੇ ਸਰਕਾਰ ਨੇ ਕੋਈ ਵੱਡੀ ਕਾਰਵਾਈ ਨਹੀਂ ਕੀਤੀ। ਸਰਕਾਰ ਅਤੇ ਪੁਲਿਸ ਨੇ ਸਿਰਫ਼ ਅਤੇ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਲਈ ਕੋਈ ਵੱਡੀ ਕਾਰਵਾਈ ਨਹੀਂ ਕੀਤੀ ਤਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾ ਹੋਵੇ। ਗੁਰੂ ਗ੍ਰੰਥ ਸਾਹਿਬ ਦੀ ਆੜ ਹੇਠ ਗ੍ਰਿਫ਼ਤਾਰੀ ਤੋਂ ਬੱਚਣਾ ਮੰਦਭਾਗਾ ਹੈ, ਜੇਕਰ ਉਸ ਵਿਰੁੱਧ ਕੀਤੀ ਗਈ ਕਾਰਵਾਈ ਸਹੀ ਨਾ ਹੁੰਦੀ ਤਾਂ ਸਰਕਾਰ ਅਦਾਲਤ ਵਿਚ ਜਾਂਦੀ, ਪਰ ਇਸ ਤਰ੍ਹਾਂ ਦਹਿਸ਼ਤ ਪੈਦਾ ਕਰਨਾ ਠੀਕ ਨਹੀਂ ਸੀ।