ਚੰਡੀਗੜ੍ਹ: ਆਮ ਆਦਮੀ ਪਾਰਟੀ ਵੱਲੋਂ ਸੂਬੇ ਭਰ ਦੇ ਵਿੱਚ ਵੰਡੇ ਜਾ ਰਹੇ ਆਕਸੀ ਮੀਟਰ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਚੁੱਕੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਕੇਜਰੀਵਾਲ ਦਿੱਲੀ ਮਾਡਲ ਦਿੱਲੀ ਵਿੱਚ ਹੀ ਰਖੇ। ਇਸ ਤੋਂ ਬਾਅਦ ਸਿਹਤ ਮੰਤਰੀ ਸਣੇ ਪੰਜਾਬ ਕਾਂਗਰਸ ਪ੍ਰਧਾਨ ਤੇ ਵਿਧਾਇਕਾਂ ਵੱਲੋਂ ਆਮ ਆਦਮੀ ਪਾਰਟੀ ਦੇ ਆਕਸੀ ਮੀਟਰ ਮੁਹਿੰਮ ਨੂੰ ਲੈ ਕੇ ਸ਼ਬਦੀ ਹਮਲਾ ਤੇਜ਼ ਕਰ ਦਿੱਤਾ ਹੈ।
ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਵੱਲੋਂ ਆਕਸੀ ਮੀਟਰ ਵੰਡਣ 'ਤੇ ਕਿਹਾ ਕਿ ਆਪ ਆਗੂ ਆਕਸੀ ਮੀਟਰ ਨਹੀਂ ਬਲਕਿ ਪੰਜਾਬ ਦੀ ਸਿਆਸਤ ਦੇ ਵਿੱਚ ਆਪਣੀ ਸਿਆਸੀ ਆਕਸੀਜ਼ਨ ਦੀ ਭਾਲ ਕਰ ਰਹੇ ਹਨ।
ਉੱਥੇ ਹੀ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਬਿਆਨ 'ਤੇ ਪਲਟਵਾਰ ਕਰਦਿਆਂ ਆਮ ਆਦਮੀ ਪਾਰਟੀ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ ਉਨ੍ਹਾਂ ਦੇ ਮੰਤਰੀ ਤੇ ਵਿਧਾਇਕਾਂ ਦੀ ਪਲਸ-ਰੇਟ ਤੇ ਧੜਕਣ ਵੱਧ ਰਹੀ ਹੈ ਤੇ ਆਕਸੀਜ਼ਨ ਦੀ ਘਾਟ ਵੀ ਮਹਿਸੂਸ ਕੀਤੀ ਜਾ ਰਹੀ ਹੈ। ਹੁਣ ਆਮ ਆਦਮੀ ਪਾਰਟੀ ਦੀ ਇਸ ਮੁਹਿੰਮ ਤੋਂ ਬਾਅਦ ਕਾਂਗਰਸ ਸਰਕਾਰ 50 ਹਜ਼ਾਰ ਆਕਸੀ ਮੀਟਰ ਵੰਡੇਗੀ ਪਰ ਉਹ ਕਦੋਂ ਵੰਡੇਗੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਆਮ ਆਦਮੀ ਪਾਰਟੀ ਦੇ ਆਕਸੀ ਮੀਟਰਾਂ ਨੇ ਜਿੱਥੇ ਕਾਂਗਰਸ ਦਾ ਸਾਹ ਫੁੱਲਾ ਦਿੱਤਾ ਹੈ। ਉੱਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਕਸੀ ਮੀਟਰ ਦਾ ਕਰੋਨਾ ਦੀ ਟੈਸਟਿੰਗ ਨਾਲ ਕੋਈ ਵੀ ਸਬੰਧ ਨਾ ਹੋਣ ਦੀ ਗੱਲ ਆਖੀ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਨੂੰ ਦੇਸ਼ਧ੍ਰੋਹੀ ਕਹਿਣ ਲੱਗੇ ਹਨ ਅਤੇ ਹੁਣ ਕਾਂਗਰਸ ਵੀ ਸੂਬੇ ਵਿੱਚ ਆਕਸੀ ਮੀਟਰ ਵੰਡਣ ਜਾ ਰਹੀ ਹੈ। ਆਪ ਨੇ ਕਿਹਾ ਕਿ ਇਸ ਤੋਂ ਸਾਫ ਪਤਾ ਲਗਦਾ ਹੈ ਕਿ ਆਮ ਆਦਮੀ ਪਾਰਟੀ ਦੇ ਆਕਸੀ ਮੀਟਰ ਕਾਰਨ ਕਾਂਗਰਸ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਹੋ ਰਹੀ ਹੈ।