ਚੰਡੀਗੜ੍ਹ: ਲੁਧਿਆਣਾ ਤੋਂ ਸਾਂਸਦ ਰਵਨੀਤ ਸਿੰਘ ਬਿੱਟੂ ਨੂੰ ਸੰਸਦ ਵਿੱਚ ਦਿੱਤੀ ਜ਼ਿੰਮੇਵਾਰੀ ਨੂੰ ਲੈ ਕੇ ਪੰਜਾਬ ਵਿੱਚ ਸਿਆਸੀ ਹਲਚਲ ਤੇਜ਼ ਹੋ ਗਈ ਹੈ, ਹੁਣ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਰਵਨੀਤ ਬਿੱਟੂ ਦੇ ਹਾਈਕਮਾਨ ਨਾਲ ਸਿੱਧੇ ਸਬੰਧ ਹੋਣ ਕਾਰਨ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਟਿਕਟਾਂ ਦੀ ਵੰਡ ਕਰਨ ਸਮੇਂ ਬਿੱਟੂ ਨੂੰ ਨਜ਼ਰਅੰਦਾਜ਼ ਕਰਨਾ ਮੁਸ਼ਕਿਲ ਹੋਵੇਗਾ।
ਇਹ ਵੀ ਪੜੋ: ਕੋਰੋਨਾ ਦੇ ਵੱਧ ਰਹੇਂ ਪ੍ਰਭਾਵ ਕਾਰਨ ਪੰਜਾਬ ਸਰਕਾਰ ਨੇ ਸਕੂਲ ਕੀਤੇ ਬੰਦ
ਇਹ ਵੀ ਮੰਨਿਆ ਜਾਂਦਾ ਹੈ ਕਿ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਈਡਲਾਈਨ ਕੀਤਾ ਸੀ ਉਸੇ ਤਰੀਕੇ ਨਾਲ ਰਵਨੀਤ ਸਿੰਘ ਬਿੱਟੂ ਨੂੰ ਵੀ ਦਿੱਲੀ ਬੈਠਣ ਲਈ ਮਜਬੂਰ ਕੀਤਾ ਜਾਵੇਗਾ, ਪਰ ਚਰਚਾ ਇਹ ਵੀ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਕੈਪਟਨ ਅਮਰਿੰਦਰ ਸਿੰਘ ਨਾਲ ਹਾਈਕਮਾਂਡ ਖੁਦ ਪੈਚ ਅਪ ਕਰਾਏਗੀ। ਕਿਉਂਕਿ ਜੇਕਰ ਪੰਜਾਬ ਦੀ ਰਾਜਨੀਤੀ ਦੀ ਸਮੀਕਰਨ ਬਦਲਦਾ ਹੈ ਤਾਂ ਨਵਜੋਤ ਸਿੰਘ ਸਿੱਧੂ ਨੂੰ ਦਿਹਾਤੀ ਖੇਤਰਾਂ ਵਿੱਚ ਚੋਣ ਪ੍ਰਚਾਰ ਲਈ ਭੇਜਿਆ ਜਾ ਸਕਦਾ ਹੈ ਅਤੇ ਕਾਂਗਰਸ ਕਰਤਾਰਪੁਰ ਲਾਂਘੇ ਦੇ ਮਾਮਲੇ ਸੰਬੰਧੀ ਪੇਂਡੂ ਲੋਕਾਂ ਦੀ ਹਮਦਰਦੀ ਜਗਾਉਣਾ ਚਾਹੁੰਦੀ ਹੈ।
ਨਵਜੋਤ ਸਿੰਘ ਸਿੱਧੂ ਇੱਕ ਚੰਗੇ ਸਟਾਰ ਪ੍ਰਚਾਰਕ ਹਨ ਅਤੇ ਰਵਨੀਤ ਬਿੱਟੂ ਦਾ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਰਿਸ਼ਤਾ ਕੁਝ ਚੰਗਾ ਨਹੀਂ ਹੈ ਇਸ ਦੇ ਨਾਲ ਬਿੱਟੂ ਵੀ ਪੰਜਾਬ ਦੀ ਰਾਜਨੀਤੀ ਵਿੱਚ ਵੱਡਾ ਅਹੁਦਾ ਹਾਸਲ ਕਰਨ ਦੀ ਦੌੜ ਵਿੱਚ ਸ਼ਾਮਲ ਹਨ।
ਇਸ ਮਸਲੇ ’ਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਇਸ ਦਾ ਕੋਈ ਅਸਰ ਨਜ਼ਰ ਨਹੀਂ ਆਵੇਗਾ, ਇਹ ਹਾਈ ਕਮਾਂਡ ਦਾ ਫੈਸਲਾ ਹੈ ਜੋ ਸਭ ਲਈ ਚੰਗਾ ਹੈ। ਉਥੇ ਹੀ ਕੈਬਿਨੇਟ ਮੰਤਰੀ ਅਰੁਣਾ ਚੌਧਰੀ ਦਾ ਕਹਿਣਾ ਹੈ ਕਿ ਅਧੀਰ ਰੰਜਨ ਚੌਧਰੀ ਬੰਗਾਲ ਦੀਆਂ ਚੋਣਾਂ ਵਿੱਚ ਰੁੱਝੇ ਹੋਏ ਨੇ ਇਸ ਲਈ ਰਵਨੀਤ ਸਿੰਘ ਬਿੱਟੂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ।
ਸਿਆਸੀ ਮਾਹਿਰ ਸਤੀਸ਼ ਕੁਮਾਰ ਦਾ ਕਹਿਣਾ ਹੈ ਕਿ ਬਿੱਟੂ ਨੂੰ ਦਿੱਤੀ ਗਈ ਨਵੀਂ ਜ਼ਿੰਮੇਵਾਰੀ ਤੋਂ ਬਾਅਦ ਪੰਜਾਬ ਵਿੱਚ ਰਾਜਨੀਤਿਕ ਸਮੀਕਰਣ ਬਦਲ ਸਕਦੇ ਹਨ, ਕਿਉਂਕਿ ਬਿੱਟੂ ਅੱਜ ਕੱਲ੍ਹ ਲੋਕਾਂ ਵਿੱਚ ਜਿਆਦਾ ਵਿਚਰ ਰਹੇ ਹਨ ਤੇ ਉਹ ਇੱਕ ਨੌਜਵਾਨ ਸਿਆਸੀ ਆਗੂ ਹਨ।