ਚੰਡੀਗੜ੍ਹ : ਚੰਡੀਗੜ੍ਹ ਦੀ ਇੱਕ ਮਹਿਲਾ ਡਾਕਟਰ ਨਾਲ ਇੱਕ ਨਾਈਜੀਰੀਅਨ ਗਿਰੋਹ ਨੇ ਲਗਭਗ 48 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਸਬੰਧੀ ਜਦੋਂ ਉਕਤ ਮਹਿਲਾ ਡਾਕਟਰ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਤਾਂ ਪੁਲਿਸ ਨੇ ਹਰਕਤ ਵਿਚ ਆਉਂਦਿਆਂ ਦਿੱਲੀ ਅਤੇ ਗ੍ਰੇਟਰ ਨੋਇਡਾ ਵਿੱਚ ਛਾਪੇਮਾਰੀ ਕਰਕੇ 4 ਨਾਈਜੀਰੀਅਨ, ਇੱਕ ਗੁਨੀਆ ਅਤੇ ਇੱਕ ਭਾਰਤੀ ਔਰਤ ਨਾਲ ਸੰਬੰਧਿਤ ਗਰੋਹ ਨੂੰ ਗ੍ਰਿਫਤਾਰ ਕੀਤਾ ਹੈ।
ਲੋਕਾਂ ਨੂੰ ਕਿਵੇਂ ਠੱਗਦਾ ਸੀ ਗਿਰੋਹ : ਐੱਸਪੀ ਕੇਤਨ ਬਾਂਸਲ ਨੇ ਪ੍ਰੈੱਸ ਕਾਨਫਰੰਸ ਰਾਹੀਂ ਦੱਸਿਆ ਕਿ ਉਕਤ ਗਿਰੋਹ ਵੱਲੋਂ ਵਿਆਹ ਦੀਆਂ ਸਾਈਟਾਂ 'ਤੇ ਆਪਣੇ ਫਰਜ਼ੀ ਪ੍ਰੋਫਾਈਲ ਪੋਸਟ ਕੀਤੇ ਜਾਂਦੇ ਸਨ। ਉਹ ਆਪਣੇ ਆਪ ਨੂੰ ਡਾਕਟਰ ਆਦਿ ਕਹਿੰਦੇ ਸਨ। ਪੁਲਿਸ ਨੇ ਦੱਸਿਆ ਕਿ ਇਹ ਗਿਰੋਹ ਉਕਤ ਸਾਈਟਾਂ ਉਤੇ ਆਉਣ ਵਾਲੇ ਭੋਲੇ-ਭਾਲੇ ਲੋਕਾਂ ਨੂੰ ਫਸਾਉਂਦਾ ਸੀ ਤੇ ਉਨ੍ਹਾਂ ਕੋਲੋਂ ਪੈਸੇ ਠੱਗਦਾ ਸੀ।
ਪੁਲਿਸ ਅਨੁਸਾਰ ਮੁਲਜ਼ਮ ਦੱਸਦਾ ਸੀ ਕਿ ਉਹ ਵਿਦੇਸ਼ ਤੋਂ ਆ ਰਿਹਾ ਹੈ ਅਤੇ ਉਸ ਲਈ ਮਹਿੰਗੇ ਤੋਹਫ਼ੇ ਲੈ ਕੇ ਆਇਆ ਹੈ। ਇਸ ਤੋਂ ਬਾਅਦ ਕਸਟਮ ਵੱਲੋਂ ਏਅਰਪੋਰਟ 'ਤੇ ਤੋਹਫ਼ੇ ਆਦਿ ਪਾਸ ਕਰਨ ਦੇ ਨਾਂ 'ਤੇ ਭਾਰਤੀਆਂ ਤੋਂ ਕਰੰਸੀ ਦੀ ਮੰਗ ਕਰਕੇ ਠੱਗੀ ਮਾਰਦੇ ਸਨ। ਚੰਡੀਗੜ ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਕੋਲੋਂ 25 ਮੋਬਾਈਲ ਫੋਨ, 2 ਲੈਪਟਾਪ, 3 ਮੌਡਮ ਅਤੇ 1 ਲੈਂਡਲਾਈਨ ਫੋਨ ਬਰਾਮਦ ਕੀਤਾ ਹੈ। ਇਸ ਮਾਮਲੇ ਦੀ ਜਾਣਕਾਰੀ ਗ੍ਰਹਿ ਮੰਤਰਾਲੇ ਨਾਲ ਵੀ ਸਾਂਝੀ ਕੀਤੀ ਗਈ ਹੈ ਤਾਂ ਜੋ ਇਨ੍ਹਾਂ ਅਪਰਾਧੀਆਂ ਨਾਲ ਸਬੰਧਤ ਹੋਰ ਮਾਮਲਿਆਂ ਦਾ ਪਤਾ ਲੱਗ ਸਕੇ।
ਇਹ ਵੀ ਪੜ੍ਹੋ : Fear of Khalistani attack in Delhi: ਦਿੱਲੀ ਦੀ ਆਬੋ-ਹਵਾ ਵਿੱਚ ਖਾਲਿਸਤਾਨੀ ਹਮਲਾ ਹੋਣ ਦੀ ਦਹਿਸ਼ਤ, ਸੁਰੱਖਿਆ ਏਜੰਸੀਆਂ ਵੀ ਹੋਈਆਂ ਚੁਕੰਨੀਆਂ
ਐੱਸਪੀ ਵੱਲ਼ੋਂ ਲੋਕਾਂ ਨੂੰ ਜਾਗਰੂਕ ਹੋਣ ਦੀ ਅਪੀਲ : ਪ੍ਰੈੱਸ ਕਾਨਫਰੰਸ ਦੌਰਾਨ ਐੱਸਪੀ ਕੇਤਨ ਬਾਂਦ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਨਲਾਈਨ ਠੱਗੀਆਂ ਸਬੰਧੀ ਜਾਗਰੂਕ ਹੋਣ। ਉਨ੍ਹਾਂ ਕਿਹਾ ਕਿ ਕਿਸੇ ਵੀ ਅਣਪਛਾਤੇ ਵਿਅਕਤੀ ਨੂੰ ਆਨਲਾਈਨ ਪੈਸੇ ਪਾਉਣ ਲੱਗਿਆਂ ਪਹਿਲਾਂ ਉਸ ਦੀ ਬਾਰੀਕੀ ਨਾਲ ਜਾਂਚ ਕਰੋ ਫਿਰ ਹੀ ਕੋਈ ਪੈਸਾ ਟਰਾਂਸਫਰ ਕਰੋ। ਉਨ੍ਹਾਂ ਕਿਹਾ ਕਿ ਆਨਲਾਈਨ ਠੱਗ ਜ਼ਿਆਦਾਤਰ ਲੋਕਾਂ ਦੇ ਰਿਸ਼ਤੇਦਾਰਾਂ ਦੇ ਨਾਂ ਉੇਤੇ ਜਾਅਲੀ ਆਈਡੀਜ਼ ਬਣਾ ਕੇ ਲੋਕਾਂ ਨੂੰ ਠੱਗਦੇ ਹਨ।