ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਪਣੇ ਪਿਤਾ ਮਾਹਾਰਾਜਾ ਯਾਦਵਿੰਦਰ ਸਿੰਘ ਦੀ ਕਪੂਰਥਲਾ ਦੇ ਮਹਾਰਾਜਾ ਨਾਲ ਇੱਕ ਤਸਵੀਰ ਨੂੰ ਆਪਣੇ ਫੇਸਬੁੱਕ ਅਕਾਉਂਟ 'ਤੇ ਸਾਂਝੀ ਕੀਤੀ ਹੈ। ਜਿਸ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਨੂੰ ਕੈਪਟਨ ਸਾਹਬ ਪੁੱਠਾ ਲਿਖ ਬੈਠੇ। ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਵੱਲੋਂ ਅਮਰਿੰਦਰ ਸਿੰਘ ਦੀ ਨਿਖੇਧੀ ਕੀਤੀ ਜਾ ਰਹੀ ਹੈ।
ਦਰਅਸਲ ਅਮਰਿੰਦਰ ਸਿੰਘ ਨੇ ਫ਼ੋਟੋ ਦੇ ਨਾਲ ਇੱਕ ਪੋਸਟ ਪਾਈ ਜਿਸ ਵਿੱਚ ਉਨ੍ਹਾਂ ਨੇ ਲਿਖਿਆ, "ਸੰਨ 1941 ਦੀ ਇਹ ਤਸਵੀਰ ਮੇਰੇ ਪਿਤਾ ਮਹਾਰਾਜਾ ਯਾਦਵਿੰਦਰ ਸਿੰਘ ਜੀ ਦੀ ਹੈ ਜਦੋਂ ਕਪੂਰਥਲਾ ਦੇ ਮਹਾਰਾਜਾ ਨੇ ਉਨ੍ਹਾਂ ਨੂੰ ਸੁਲਤਾਨਪੁਰ ਲੋਧੀ ਆ ਕੇ ਗੁਰਦੁਆਰਾ ਬੇਰ ਸਾਹਿਬ ਦਾ ਉਦਘਾਟਨ ਕਰਨ ਦਾ ਸੱਦਾ ਦਿੱਤਾ ਸੀ। ਮੇਰੇ ਪਿਤਾ ਜੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਸਿਧਾਂਤਾਂ ਨੂੰ ਸੱਚੇ ਮਨ ਨਾਲ ਮੰਨਦੇ ਸਨ ਤੇ ਉਨ੍ਹਾਂ ਦੇ ‘ਨਾਮ ਜਪੋ, ਵੰਡੋ ਛੱਕੋ ਤੇ ਕਿਰਤ ਕਰੋ’ ਦੇ ਸਿਧਾਂਤ ਨੂੰ ਆਪਣੀ ਅਸਲ ਜ਼ਿੰਦਗੀ ਵਿੱਚ ਵੀ ਅਪਣਾਇਆ ਤੇ ਸਾਨੂੰ ਵੀ ਅਪਨਾਉਣ ਲਈ ਕਿਹਾ।"
ਇਸ ਪੋਸਟ ਵਿੱਚ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਕਿਰਤ ਕਰੋ, ਨਾਮ ਜਪੋ, ਵੰਡ ਛੱਕੋ ਨੂੰ ਉਲਟਾ ਲਿੱਖ ਦਿੱਤਾ। ਉਨ੍ਹਾਂ ਨੇ ਆਪਣੀ ਪੋਸਟ ਵਿੱਚ ਲਿੱਖਿਆ ‘ਨਾਮ ਜਪੋ, ਵੰਡੋ ਛੱਕੋ ਤੇ ਕਿਰਤ ਕਰੋ’। ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਵੱਲੋਂ ਅਮਰਿੰਦਰ ਸਿੰਘ ਦੀ ਨਿਖੇਧੀ ਕੀਤੀ ਜਾ ਰਹੀ ਹੈ।
ਇੱਕ ਵਿਅਕਤੀ ਨੇ ਅਮਰਿੰਦਰ ਸਿੰਘ ਦੀ ਪੋਸਟ 'ਤੇ ਕਮੈਂਟ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਜੀ, ਤੁਸੀਂ ਤਾਂ ਬਾਬੇ ਨਾਨਕ ਦੇ ਸਿਧਾਂਤ ਦੀ ਲੜੀਵਾਰਤਾ ਹੀ ਪੁੱਠੀ ਕਰ ਦਿੱਤੀ? ਬਾਬੇ ਨੇ ਪਹਿਲਾਂ "ਕਿਰਤ ਕਰੋ" ਕਿਹਾ ਹੈ, ਪਰ ਤੁਸੀਂ "ਨਾਮ ਜਪੋ" ਦਾ ਸੁਨੇਹਾ ਦੇ ਰਹੇ ਹੋ? ਵਿਹਲੇ ਹੱਥਾਂ ਨੂੰ ਕੰਮ ਦਿਓ, ਭੁੱਖੇ ਢਿੱਡ ਭਗਤੀ ਨਹੀਂ ਹੁੰਦੀ। ਇਸੇ ਤਰ੍ਹਾਂ ਇੱਕ ਹੋਰ ਵਿਅਕਤੀ ਨੇ ਕਮੈਂਟ ਕਰਦੇ ਹੋਏ ਲਿਖਿਆ ਕਿ ਕੌਮ ਨਾਲ ਗੱਦਾਰੀ ਕਰੋ ਦਾ ਸਿਧਾਂਤ ਕਿੱਥੋਂ ਸਿੱਖਿਆ?