ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਤਾਰਪੁਰ ਲਾਂਘਾ ਖੁੱਲ੍ਹਣ ਵਿੱਚ ਕੁਝ ਦਿਨ ਹੀ ਬਾਕੀ ਹਨ ਪਰ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂ ਹਾਲੇ ਵੀ ਸ਼ਸ਼ੋਪੰਜ ਵਿੱਚ ਹਨ ਕਿਉਕੀ ਕਰਤਾਰਪੁਰ ਦੀ ਯਾਤਰਾ ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਵਿੱਚ ਪੋਰਟਲ ਪਾਸਪੋਰਟ ਦੀ ਮੰਗ ਕਰ ਰਿਹਾ ਹੈ, ਪਾਸਪੋਰਟ ਤੋਂ ਬਿਨ੍ਹਾਂ ਸ਼ਰਧਾਲੂ ਦੀ ਰਜਿਸਟਰੇਸ਼ਨ ਨਹੀਂ ਹੋ ਰਹੀ ਹੈ। ਇਸ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਕਰਤਾਰਪੁਰ ਯਾਤਰਾ ਲਈ ਜਾਣ ਵਾਲੇ ਭਾਰਤੀ ਸ਼ਰਧਾਲੂਆਂ ਨੂੰ ਪਾਸਪੋਰਟ ਦੀ ਕੋਈ ਜ਼ਰੂਰਤ ਨਹੀ ਹੈ।
ਦੱਸ ਦੇਈਏ ਕਿ ਬੀਤੇ ਦਿਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਟਵੀਟ ਕਰਕੇ ਲਿਖਿਆ ਸੀ ਕਿ ਭਾਰਤੀ ਸ਼ਰਧਾਲੂ ਪਾਕਿਸਤਾਨ ਦੇ ਕਰਤਾਰਪੁਰ ਵਿੱਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਪਾਸਪੋਰਟ ਤੋਂ ਬਿਨ੍ਹਾਂ ਅਤੇ ਸਿਰਫ਼ ਇੱਕ ਵੈਧ ID ਨਾਲ ਯਾਤਰਾ ਕਰ ਸਕਣਗੇ ਪਰ ਇਸ ਨੂੰ ਲੈ ਕੇ ਭਾਰਤ ਸਰਕਾਰ ਕੋਲ ਹਾਲੇ ਤੱਕ ਪਾਕਿਸਤਾਨ ਵੱਲੋਂ ਕੋਈ ਰਸਮੀ ਨੋਟੀਫਿਕੇਸ਼ਨ ਨਹੀ ਆਇਆ ਨਾ ਹੀ ਪਾਕਿਸਤਾਨ ਸਰਕਾਰ ਵੱਲੋਂ ਇਸ ਨੂੰ ਲੈ ਕੇ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਸ ਨੂੰ ਲੈ ਕੇ ਭਾਰਤੀ ਸ਼ਰਧਾਲੂ ਸ਼ਸ਼ੋਪੰਜ ਵਿੱਚ ਹਨ।
ਫਿਲਹਾਲ ਜਿਨ੍ਹਾਂ ਕੋਲ ਪਾਸਪੋਰਟ ਨਹੀ ਹੈ ਉਹ ਆਨਲਾਈਨ ਰਜਿਸਟਰੇਸ਼ਨ ਨਹੀ ਕਰਵਾ ਪਾ ਰਹੇ ਹਨ।
ਇਹ ਵੀ ਪੜੋ:ਇਮਰਾਨ ਖਾਨ ਨੇ ਇੱਕ ਦਿਨ ਲਈ ਕੀਤੀ ਕਰਤਾਰਪੁਰ ਲਾਂਘੇ ਦੀ 20 ਡਾਲਰ ਫ਼ੀਸ ਮੁਆਫ਼
ਦੱਸ ਦੇਈਏ ਕਿ ਇਸ ਦੇ ਨਾਲ ਇਮਰਾਨ ਖ਼ਾਨ ਨੇ ਲਿਖਿਆ ਸੀ ਕਿ ਸ਼ਰਧਾਲੂਆਂ ਨੂੰ ਯਾਤਰਾ ਲਈ 10 ਦਿਨ ਪਹਿਲਾ ਰਜਿਸਟਰ ਨਹੀ ਕਰਨਾ ਪਵੇਗਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸ਼ਰਧਾਲੂਆਂ ਤੋਂ ਕੋਈ ਫ਼ੀਸ ਨਹੀਂ ਲਈ ਜਾਵੇਗੀ।