ਚੰਡੀਗੜ੍ਹ: ਰੱਖੜੀ ਦਾ ਤਿਉਹਾਰ ਇਸ ਵਾਰ 30 ਅਗਸਤ ਨੂੰ ਆ ਰਿਹਾ ਹੈ ਅਤੇ ਭੈਣਾਂ ਵੱਧ-ਚੜ੍ਹ ਕੇ ਆਪਣੇ ਭਰਾਵਾਂ ਲਈ ਰੱਖੜੀ 'ਤੇ ਖਰੀਦਦਾਰੀ ਕਰ ਰਹੀਆਂ ਹਨ। ਅਜਿਹੇ ਵਿੱਚ ਡਾਕਘਰ ਵੀ ਭੈਣਾਂ ਦੇ ਪਿਆਰ ਨੂੰ ਹੋਰ ਵਧਾਉਣ ਲਈ ਆਪਣੀ ਵੱਖਰੀ ਭੂਮਿਕਾ ਨਿਭਾਅ ਰਹੇ ਹਨ। ਡਾਕਘਰਾਂ ਦੇ ਵਿੱਚ ਵੀ ਹੁਣ ਗੁਲਾਬੀ ਅਤੇ ਅਸਮਾਨੀ ਰੰਗ ਦੇ ਵਾਟਰਪਰੂਫ ਲਿਫ਼ਾਫ਼ੇ ਤਿਆਰ ਕੀਤੇ ਗਏ ਹਨ। ਪੈਕਿੰਗ ਲਈ ਵਿਸ਼ੇਸ਼ ਡੱਬੇ ਵੀ ਤਿਆਰ ਕੀਤੇ ਹਨ ਜੋ ਤੋਹਫ਼ਿਆਂ ਦੇ ਰੂਪ 'ਚ ਭਰਾਵਾਂ ਕੋਲ ਪੁੱਜਣਗੇ।
ਵਿਦੇਸ਼ਾਂ ਤੱਕ ਪਹੁੰਚਣਗੇ ਡਾਕ ਗਿਫ਼ਟ: ਇਸੇ ਤਰ੍ਹਾਂ ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਹੋਰ ਦੇਸ਼ਾਂ ਵਿੱਚ ਰੱਖੇ ਵਾਟਰਪਰੂਫ ਲਿਫਾਫੇ ਸੁਰੱਖਿਅਤ ਤਰੀਕੇ ਨਾਲ ਪਹੁੰਚ ਸਕਣਗੇ। ਵਾਟਰਪਰੂਫ ਲਿਫਾਫੇ ਦੀ ਕੀਮਤ 15 ਤੋਂ 20 ਰੁਪਏ ਹੈ। ਉੱਥੇ ਹੀ ਗਿਫ਼ਟ ਪੈਕ ਦੀ ਕੀਮਤ 50 ਰੁਪਏ ਰੱਖੀ ਗਈ ਹੈ। ਡਾਕ ਰਾਹੀਂ ਵੱਡੇ ਤੋਹਫ਼ੇ ਭੇਜਣ ਲਈ ਇੱਕ ਪੈਕੇਜਿੰਗ ਯੂਨਿਟ ਵੀ ਖੋਲ੍ਹਿਆ ਗਿਆ ਹੈ, ਜਿਸ ਵਿੱਚ ਅੱਧੇ ਕਿਲੋਗ੍ਰਾਮ ਤੋਂ ਲੈ ਕੇ 35 ਕਿਲੋਗ੍ਰਾਮ ਤੱਕ ਦੇ ਤੋਹਫ਼ੇ ਭੇਜਣ ਲਈ ਇੱਕ ਬਾਕਸ ਵੀ ਹੈ। ਚੰਡੀਗੜ੍ਹ ਡਾਕ ਵਿਭਾਗ ਨੇ ਰੱਖੜੀ ਲਈ ਬੁਕਿੰਗ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ, ਭੈਣਾਂ ਡਾਕ ਵਿਭਾਗ ਰਾਹੀਂ ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਰੱਖੜੀ ਭੇਜ ਸਕਣਗੀਆਂ ਅਤੇ ਡਾਕ ਵਿਭਾਗ ਇਹ ਯਕੀਨੀ ਬਣਾਏਗਾ ਕਿ ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਇਹ ਭਰਾਵਾਂ ਕੋਲ ਪਹੁੰਚ ਜਾਵੇ।
ਡਾਕਘਰ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ : ਚੰਡੀਗੜ੍ਹ ਡਾਕ ਘਰ ਦੇ ਡਿਪਟੀ ਪੋਸਟ ਮਾਸਟਰ ਚਮਨ ਲਾਲ ਨੇ ਦੱਸਿਆ ਕਿ ਡਾਕ ਵਿਭਾਗ ਵੱਲੋਂ ਸਮੇਂ ਸਿਰ ਸਪੁਰਦਗੀ ਲਈ ਆਪਣੇ ਪੱਧਰ 'ਤੇ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ, ਇਸ ਲਈ 29 ਅਤੇ 30 ਅਗਸਤ ਨੂੰ ਸਵੇਰੇ 8:00 ਵਜੇ ਤੋਂ 11:00 ਵਜੇ ਤੱਕ ਵਿਸ਼ੇਸ਼ ਤੌਰ 'ਤੇ ਰੱਖੜੀ ਵੰਡਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੇ ਨਾਲ ਵਾਟਰਪਰੂਫ ਲਿਫਾਫੇ 'ਚ ਰੱਖੜੀ ਭੇਜੀ ਜਾਵੇਗੀ। ਜਿਸ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਗਈ ਹੈ। ਉਨ੍ਹਾਂ ਆਖਿਆ ਕਿ ਡਾਕਘਰਾਂ ਵੱਲੋਂ ਪਹਿਲੀ ਵਾਰ ਅਜਿਹੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਸ ਦੀ ਐਂਡਵਾਸ ਬੁਕਿੰਗ ਲਈ ਵੱਖ ਤੋਂ ਕਾਊਂਟਰ ਲਗਾਏ ਜਾ ਰਹੇ ਹਨ। ਜਿਹਨਾਂ ਨਾਲ ਰੱਖੜੀ ਖਰਾਬ ਹੋਣ, ਲਿਫਾਫਾ ਫਟਣ ਅਤੇ ਪਾਣੀ ਨਾਲ ਗਿੱਲੀ ਹੋਣ ਦਾ ਡਰ ਨਹੀਂ ਰਹੇਗਾ।