ਚੰਡੀਗੜ੍ਹ: ਅੱਜ ਦੇਸ਼ ਭਰ ਵਿੱਚ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਵਜੋਂ ਮਨਾਇਆ ਗਿਆ ਹੈ, ਜਿਸ ਨੂੰ ਲੈ ਕੇ ਨਾਰਕੋਟਿਕਸ ਕੰਟਰੋਲ ਬੋਰਡ ਦੇ ਵੱਲੋਂ ਇੱਕ ਵੈਬੀਨਾਰ ਕਰਵਾਇਆ ਗਿਆ, ਜਿਸ ਦੇ ਵਿੱਚ ਸਮੁੱਚੇ ਸੂਬੇ ਦੇ ਲੋਕਾਂ ਨੇ ਭਾਗ ਲਿਆ ਅਤੇ ਇਸ ਦੇ ਨਾਲ ਹੀ ਵੱਖ-ਵੱਖ ਅਦਾਕਾਰਾਂ ਅਤੇ ਖਿਡਾਰੀਆਂ ਨੇ ਵੀ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ।
ਇਸ ਮੌਕੇ ਪੰਜਾਬੀ ਮਸ਼ਹੂਰ ਗਾਇਕ ਗੁਰਦਾਸ ਮਾਨ ਨੇ ਕਿਹਾ ਕਿ ਖ਼ੁਦ ਨੂੰ ਨਸ਼ੇ ਤੋਂ ਬਚਾਉਣ ਦੇ ਲਈ ਚੰਗੇ ਕੰਮ ਕਰਨੇ ਚਾਹੀਦੇ ਹਨ ਅਤੇ ਉਨ੍ਹਾਂ ਕਿਹਾ ਕਿ ਮਾੜੇ ਸ਼ੌਕ ਹਵੇਲੀਆਂ ਨੂੰ ਢਾਹ ਦਿੰਦੇ ਨੇ। ਇਸ ਦੇ ਨਾਲ ਹੀ ਗੁਰਦਾਸ ਮਾਨ ਕਿਹਾ ਕਿ ਉਨ੍ਹਾਂ ਯਾਰਾਂ ਦੇ ਜਾਈਏ ਕੁਰਬਾਨ ਮਾਨਾ, ਜਿਹੜੇ ਯਾਰ ਦਾ ਨਸ਼ਾ ਛਡਾ ਜਾਂਦੇ। ਮਾਨ ਕਿਹਾ ਕਿ ਜ਼ਿੰਦਗੀ ਬਹੁਤ ਖੂਬਸੂਰਤ ਹੈ, ਇਸ ਨੂੰ ਮਾਣੋ।
ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ ਕਿਹਾ ਕਿ ਸਾਡੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਵੱਖ-ਵੱਖ ਚੀਜ਼ਾਂ ਖਾਣ ਲਈ ਬਹੁਤ ਸੁਆਦ ਹਨ, ਤੇ ਜ਼ਿੰਦਗੀ ਇਨ੍ਹਾਂ ਚੀਜ਼ਾਂ ਤੋਂ ਹੋਰ ਵੀ ਜ਼ਿਆਦਾ ਸੁਆਦ ਹੈ, ਇਸ ਲਈ ਜ਼ਿੰਦਗੀ ਦਾ ਲੁਤਫ ਲਵੋ ਅਤੇ ਇਨ੍ਹਾਂ ਨਸ਼ੀਲੀਆਂ ਚੀਜ਼ਾ ਨੂੰ ਨਾ ਲਵੋ। ਇਸ ਦੇ ਨਾਲ ਹੀ ਅਦਾਕਾਰ ਸੋਨੂੰ ਸੂਦ ਨੇ ਸੁਨੇਹਾ ਦਿੰਦੇ ਹੋਏ ਕਿਹਾ ਕਿ ਜ਼ਿੰਦਗੀ ਬਹੁਤ ਅਨਮੋਲ ਹੈ, ਇਸ ਨੂੰ ਨਸ਼ੇ ਦੇ ਵਿੱਚ ਖਰਾਬ ਨਾ ਕਰੋ।
ਇਸ ਦੇ ਨਾਲ ਹੀ ਯੋਗਰਾਜ ਸਿੰਘ ਨੇ ਕਿਹਾ ਕਿ ਸਾਡੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ, ਇਸ ਧਰਤੀ ਨੂੰ ਨਸ਼ਿਆਂ ਦੇ ਨਾਲ ਖਰਾਬ ਨਾ ਕੀਤਾ ਜਾਵੇ, ਸਗੋਂ ਇੱਥੋਂ ਦੇ ਨੌਜਵਾਨ ਆਪਣੀ ਜਵਾਨੀ ਨੂੰ ਦੇਸ਼ ਸੇਵਾ ਦੇ ਵਿੱਚ ਲਗਾਉਣ ਆਪਣੇ ਆਪ ਨਾਲ ਪਿਆਰ ਕਰੋ ਤੇ ਆਪਣੇ ਤਨ ਨੂੰ ਯੋਗ ਅਤੇ ਖੇਡਾਂ ਦੇ ਵਿੱਚ ਲਗਾਓ।
ਇਹ ਵੀ ਪੜੋ: ਪੰਜਾਬੀ ਕਿਸਾਨਾਂ ਦਾ ਉਜਾੜਾ ਚਾਹੁੰਦੀ ਹੈ ਭਾਜਪਾ: ਹਰਪਾਲ ਚੀਮਾ
ਉੱਥੇ ਹੀ ਭਾਰਤੀ ਕ੍ਰਿਕਟਰ ਕਪਤਾਨ ਵਿਰਾਟ ਕੋਹਲੀ ਨੇ ਨਸ਼ੇ ਤੋਂ ਦੂਰ ਰਹਿਣ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਆਪਣੀ ਜ਼ਿੰਦਗੀ ਨੂੰ ਨਸ਼ਿਆਂ ਦੇ ਨਾਲ ਖਰਾਬ ਨਾ ਕਰੋ, ਇਸ ਨੂੰ ਖੇਡ ਵਿੱਚ ਲਗਾਓ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰੋ।